ਤਰਨ ਤਾਰਨ, 22 ਨਵੰਬਰ (ਹਰਿੰਦਰ ਸਿੰਘ)-ਇਕ ਤੇਜ਼ ਰਫ਼ਤਾਰ ਸਕਾਰਪੀਓ ਚਾਲਕ ਨੇ ਟਰੈਕਟਰ-ਟਰਾਲੀ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ | ਇਸ ਮਾਮਲੇ 'ਚ ਥਾਣਾ ਹਰੀਕੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਹਰੀਕੇ ਵਿਖੇ ਸੁਖਵਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਕਿਰਤੋਵਾਲ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ 21 ਨਵੰਬਰ ਨੂੰ ਉਹ ਆਪਣੇ ਸਾਲੇ ਜਤਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਬਾਬਾ ਬੁੱਢਾ ਜੀ ਐਵੀਨਿਉ ਨਿਊ ਅੰਮਿ੍ਤਸਰ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਆਪਣੇ ਟਰੈਕਟਰ 'ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਹਰੀਕੇ ਆ ਰਹੇ ਸੀ ਕਿ ਇਕ ਕਾਰ ਸਕਾਰਪੀਓ ਨੰਬਰ ਐੱਚ.ਆਰ 50 ਡੀ. 4922 ਜਿਸ ਨੂੰ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ, ਨੇ ਗੱਡੀ ਨੂੰ ਤੇਜ਼ ਰਫਤਾਰ, ਲਾਪਰਵਾਹੀ, ਅਣਗਹਿਲੀ ਨਾਲ ਲਿਆ ਕੇ ਟਰੈਕਟਰ ਟਰਾਲੀ ਦੇ ਪਿੱਛੇ ਲਿਆ ਕੇ ਮਾਰੀ, ਜਿਸ ਕਾਰਨ ਉਸਦਾ ਸਾਲਾ ਜਤਿੰਦਰ ਸਿੰਘ ਉਕਤ ਜੋ ਟਰੈਕਟਰ ਦੇ ਮਡਗਾਰਡ 'ਤੇ ਬੈਠਾ ਸੀ ਦੀ ਮੌਕਾ 'ਤੇ ਮੌਤ ਹੋ ਗਈ | ਜਾਂਚ ਅਧਿਕਾਰੀ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਸਕਾਰਪੀਓ ਨੂੰ ਚਲਾ ਰਹੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |