ਖਾਲੜਾ, 22 ਨਵੰਬਰ (ਜੱਜਪਾਲ ਸਿੰਘ ਜੱਜ)-ਥਾਣਾ ਖਾਲੜਾ ਦੀ ਪੁਲਿਸ ਅਤੇ ਬੀ.ਐੱਸ.ਐੱਫ ਦੇ ਸਾਂਝੇ ਆਪਰੇਸ਼ਨ ਦੌਰਾਨ ਸਰਹੱਦ ਤੋਂ ਇਕ ਗਲੌਕ ਪਿਸਤੌਲ ਸਮੇਤ ਮੈਗਜ਼ੀਨ ਬਰਾਮਦ ਕਰਨ ਦੀ ਖਬਰ ਹੈ | ਐੱਸ.ਐੱਚ.ਓ. ਖਾਲੜਾ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐਸ.ਆਈ ਗੁਰਨਾਮ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿਚ ਪਿੰਡ ਕਲਸੀਆਂ ਵਿਖੇ ਮੌਜੂਦ ਸਨ ਕਿ ਗਣੇਸ਼ ਰਾਮ ਕੰਪਨੀ ਕਮਾਂਡਰ ਕੰਪਨੀ 101 ਬਟਾਲੀਅਨ ਬੀ.ਐੱਸ.ਐੱਫ ਨੇ ਇਤਲਾਹ ਦਿੱਤੀ ਕਿ ਸਰਹੱਦੀ ਚੌਕੀ ਪਲੋਅ ਪੱਤੀ ਦੇ ਏਰੀਏ ਅੰਦਰ ਗੁਰਪਾਲ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਪਲੋਅ ਪੱਤੀ ਦੇ ਖੇਤ ਵਿਚ ਇਕ ਪੀਲੇ ਰੰਗ ਦਾ ਪੈਕਟ ਪਿਆ ਹੈ, ਜਿਸ 'ਤੇ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਘਟਨਾ ਸਥਾਨ ਤੇ ਪੁੱਜੀ ਤਾਂ ਬੀ.ਐੱਸ.ਐੱਫ ਅਧਿਕਾਰੀਆਂ ਨੇ ਉਹ ਪੀਲੇ ਰੰਗ ਦਾ ਪੈਕਟ ਤਫਤੀਸ਼ੀ ਅਫਸਰ ਦੇ ਹਵਾਲੇ ਕਰ ਦਿੱਤਾ | ਪੀਲੇ ਰੰਗ ਦਾ ਪੈਕਟ ਜਿਸ ਉੱਪਰ ਤਾਂਬੇ ਦੀ ਤਾਰ ਦੀ ਕੁੰਡੀ ਲੱਗੀ ਹੋਈ ਸੀ, ਨੂੰ ਜਦੋਂ ਚੈੱਕ ਕੀਤਾ ਗਿਆ ਤਾਂ ਉਸ ਵਿਚ ਉਹ ਇਕ ਚੀਨ ਦਾ ਬਣਿਆ ਹੋਇਆ ਗਲੋਕ ਪਿਸਤੌਲ ਸਮੇਤ ਮੈਗਜ਼ੀਨ ਬਰਾਮਦ ਹੋਇਆ | ਥਾਣਾ ਖਾਲੜਾ ਵਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ |