ਜਗਦੇਵ ਕਲਾਂ, 22 ਨਵੰਬਰ (ਸ਼ਰਨਜੀਤ ਸਿੰਘ ਗਿੱਲ)-ਜਮਹੂਰੀ ਕਿਸਾਨ ਸਭਾ ਦੀ ਅਹਿਮ ਮੀਟਿੰਗ ਕਿਸਾਨ ਆਗੂ ਤਰਸੇਮ ਸਿੰਘ ਕਾਮਲਪੁਰਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਤੇ ਐਸ.ਕੇ.ਐਮ. ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਲਿਆਂਦੇ ਗਏ ਲੋਕ ਵਿਰੋਧੀ ਕਾਲੇ ਬਿਜਲੀ ਐਕਟ 2025 ਦੇ ਲਾਗੂ ਹੋਣ ਨਾਲ ਬਿਜਲੀ 'ਤੇ ਮਿਲਦੀ ਹਰ ਪ੍ਰਕਾਰ ਦੀ ਸਬਸਿਡੀ ਖ਼ਤਮ ਹੋ ਜਾਏਗੀ | ਜਿਸ ਕਾਰਨ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ | ਉਨ੍ਹਾਂ ਨੇ ਉਕਤ ਬਿਜਲੀ ਬਿੱਲ ਦਾ ਜਬਰਦਸਤ ਵਿਰੋਧ ਕਰਦਿਆਂ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਲੋਕ ਹਿੱਤ ਵਿਚ ਇਸ ਬਿਜਲੀ ਬਿੱਲ ਨੂੰ ਵਾਪਸ ਲਿਆ ਜਾਵੇ | ਇਸ ਦੇ ਨਾਲ ਹੀ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਵਲੋਂ ਸਬ ਡਿਵੀਜ਼ਨ ਅਜਨਾਲਾ ਦੇ ਐਕਸੀਅਨ ਦਫਤਰ ਨੂੰ ਅੰਮਿ੍ਤਸਰ ਵਿਖੇ ਤਬਦੀਲ ਕਰਨ ਦੇ ਵਿਰੋਧ ਵਿਚ ਵੀ ਮਤਾ ਪਾਸ ਕੀਤਾ ਗਿਆ ਅਤੇ ਪੁਰਜ਼ੋਰ ਮੰਗ ਕੀਤੀ ਗਈ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਐਕਸੀਅਨ ਦਫਤਰ ਅਜਨਾਲਾ ਨੂੰ ਅੰਮਿ੍ਤਸਰ ਵਿਖੇ ਤਬਦੀਲ ਨਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਐਕਸੀਅਨ ਦਫਤਰ ਅਜਨਾਲਾ ਨੂੰ ਅੰਮਿ੍ਤਸਰ ਤਬਦੀਲ ਕਰਨ ਤੋਂ ਪਿੱਛੇ ਨਾ ਹਟੀ ਤਾਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਬਿਜਲੀ ਬਿੱਲ 2025 ਨੂੰ ਵਾਪਸ ਕਰਾਉਣ ਲਈ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਿਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ | ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਇਸ ਇਲਾਕੇ 'ਚੋਂ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਚੰਡੀਗੜ੍ਹ ਪਹੁੰਚਣਗੇ | ਇਸ ਮੌਕੇ ਹਰਦੀਪ ਸਿੰਘ, ਰਾਜਪਾਲ ਸਿੰਘ, ਰਸ਼ਪਾਲ ਸਿੰਘ ਗੋਲਡੀ, ਸੁਰਜੀਤ ਕੌਰ, ਗੁਰਵਿੰਦਰ ਸਿੰਘ ਸਮੂਹ ਕਾਮਲਪੁਰਾ ਤੋਂ ਇਲਾਵਾ ਰੇਸ਼ਮ ਸਿੰਘ ਭੂਰੇ ਗਿੱਲ, ਬਲਤੇਜ ਸਿੰਘ ਦਿਆਲਪੁਰਾ, ਹਰਨੇਕ ਸਿੰਘ ਨੇਪਾਲ ਆਦਿ ਹਾਜ਼ਰ ਸਨ |