ਸਾਹਲੋਂ, 22 ਨਵੰਬਰ (ਜਰਨੈਲ ਸਿੰਘ ਨਿੱਘ੍ਹਾ)-ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਮੱਲਪੁਰ ਵਿਖੇ ਸਾਲਾਨਾ ਖੇਡ ਮੇਲਾ ਮਨਾਇਆ ਗਿਆ | ਖੇਡ ਮੇਲੇ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ, ਉਪਰੰਤ ਅਰਦਾਸ ਕਰਨ ਤੋਂ ਬਾਅਦ ਝੰਡਾ ਲਹਿਰਾਉਣ ਦੀ ਰਸਮ ਟਰੱਸਟ ਦੇ ਚੇਅਰਮੈਨ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਅਤੇ ਉਨ੍ਹਾਂ ਦੇ ਸਪੁੱਤਰ ਬਰਜਿੰਦਰ ਸਿੰਘ ਹੁਸੈਨਪੁਰ ਵਲੋਂ ਕੀਤੀ ਗਈ | ਇਸ ਮੌਕੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਦੀ ਰਸਮ ਅਦਾ ਕੀਤੀ ਗਈ, ਉਪਰੰਤ ਸ਼ਮਾਂ ਰੌਸ਼ਨ ਕਰਕੇ ਖੇਡਾਂ ਦਾ ਆਗਾਜ਼ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਵਰਗਾਂ ਦੇ ਵਿਦਿਆਰਥੀਆਂ ਵੱਲੋਂ ਦੌੜਾਂ ਜਿਨ੍ਹਾਂ ਵਿਚੋਂ 100 ਮੀਟਰ, 200 ਮੀਟਰ, 400 ਮੀਟਰ, 600 ਮੀਟਰ, ਰਿਲੇਅ ਦੌੜ, ਰੱਸਾ ਕੱਸੀ, ਥਰੀ ਲੈਗ ਰੇਸ, ਸੈਕ ਰੇਸ, ਸਪੂਨ ਲੈਮਨ ਰੇਸ, ਬੈਲੇਂਸ ਬੈਲੂਨ ਰੇਸ, ਲੰਬੀ ਛਾਲ, ਉੱਚੀ ਛਾਲ, ਫੁੱਟਬਾਲ, ਵਾਲੀਬਾਲ ਆਦਿ ਖੇਡਾਂ ਵਿੱਚ ਭਾਗ ਲੈ ਕੇ ਆਪਣੀ ਬਿਹਤਰੀਨ ਖੇਡ ਭਾਵਨਾ ਦਾ ਬਿਹਤਰ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਵੱਲੋਂ ਗਤਕਾ, ਪੀ.ਟੀ ਐਕਸਰਸਾਈਜ਼ ਅਤੇ ਯੋਗਾ ਵਿੱਚ ਭਾਗ ਲੈ ਕੇ ਆਪਣੀ ਕਲਾ ਦੇ ਜੌਹਰ ਵੀ ਦਿਖਾਏ ਗਏ | ਖੇਡ ਮੇਲੇ ਨੂੰ ਹੋਰ ਵੀ ਵਧੀਆ ਬਣਾਉਣ ਲਈ ਸਕੂਲ ਅਧਿਆਪਕਾਂ ਵਲੋਂ ਰੱਸਾਕੱਸੀ ਦੇ ਮੁਕਾਬਲੇ ਅਤੇ ਫਰਾਟਾ ਦੌੜਾਂ ਵਿੱਚ ਭਾਗ ਲੈ ਕੇ ਮੇਲੇ ਨੂੰ ਹੋਰ ਵੀ ਮਨੋਰੰਜਕ ਅਤੇ ਮਨਮੋਹਿਤ ਬਣਾ ਦਿੱਤਾ | ਨਾਨ ਟੀਚਿੰਗ ਸਟਾਫ਼ ਨੇ ਵੀ ਦੌੜਾਂ ਵਿੱਚ ਭਾਗ ਲੈ ਕੇ ਆਪਣੀ ਕਲਾ ਦਾ ਬਿਹਤਰ ਪ੍ਰਦਰਸ਼ਨ ਕੀਤਾ | ਸਕੂਲ ਪਿ੍ੰਸੀਪਲ ਮੈਡਮ ਅਮਨ ਸੈਣੀ ਵਲੋਂ 'ਜੀ ਆਇਆ' ਭਾਸ਼ਣ ਨਾਲ ਸਭ ਦਾ ਸਵਾਗਤ ਕੀਤਾ ਗਿਆ ਅਤੇ ਸਕੂਲ ਦੀਆਂ ਸਾਲਾਨਾ ਪ੍ਰਾਪਤੀਆਂ ਉੱਪਰ ਚਾਨਣਾ ਪਾਇਆ | ਵਾਈਸ ਪਿ੍ੰਸੀਪਲ ਡਾ. ਰੁਪਿੰਦਰਜੀਤ ਸਿੰਘ ਬੱਲ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਬੱਚਿਆਂ ਦੇ ਸਰਵ-ਪੱਖੀ ਵਿਕਾਸ ਲਈ ਉਨ੍ਹਾਂ ਨੂੰ ਢੰਗ-ਤਾਰੀਕੇ ਵੀ ਦੱਸੇ | ਇਸ ਮੌਕੇ ਸਮੂਹ ਅਧਿਆਪਕ ਵੀ ਹਾਜ਼ਰ ਸਨ |