ਤਰਨ ਤਾਰਨ, 5 ਦਸੰਬਰ (ਪਰਮਜੀਤ ਜੋਸ਼ੀ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 8 ਦਸੰਬਰ ਨੂੰ ਬਿਜਲੀ ਸਬ ਡਵੀਜ਼ਨਾਂ ਵਿਚ ਲੱਗਣ ਵਾਲੇ ਧਰਨਿਆਂ ਵਿਚ ਕਿਰਤੀ ਕਿਸਾਨ ਯੂਨੀਅਨ ਵੱਧ ਚੜ੍ਹ ਕੇ ਸ਼ਾਮਲ ਹੋਵੇਗੀ | ਇਹ ਫੈਸਲਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਮੁਗਲਚੱਕ ਦੀ ਪ੍ਰਧਾਨਗੀ ਵਿਚ ਹੋਈ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਵਿਚ ਕੀਤਾ ਗਿਆ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਨਛੱਤਰ ਸਿੰਘ ਮੁਗਲਚੱਕ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2025 ਲਿਆ ਰਹੀ ਹੈ, ਜਿਸਦਾ ਮਕਸਦ ਬਿਜਲੀ ਦੀ ਵੰਡ ਨੂੰ ਪ੍ਰਾਈਵੇਟ ਹੱਥਾਂ ਵਿਚ ਸੌਂਪਣਾ ਹੈ | ਇਸ ਬਿੱਲ ਵਿਚ ਕਰਾਸ ਸਬਸਿਡੀਆਂ ਖਤਮ ਕਰਨ ਦੀ ਤਜਵੀਜ਼ ਹੈ, ਜਿਸ ਨਾਲ ਬਿਜਲੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ | ਇਸ ਤੋਂ ਇਲਾਵਾ ਸੀਡ ਬਿੱਲ 2025 ਬਾਰੇ ਵੀ ਚਰਚਾ ਕੀਤੀ ਗਈ ਕਿ ਇਹ ਬਿੱਲ ਵੀ ਕਾਰਪੋਰੇਟ ਘਰਾਣਿਆ ਦਾ ਬੀਜ ਉਪਰ ਕਬਜ਼ਾ ਕਰਾਉਣ ਲਈ ਬਣਾਇਆ ਗਿਆ ਹੈ ਅਤੇ ਇਹ ਕਿਸਾਨਾਂ ਲਈ ਮਾਰੂ ਹੈ | ਇਸ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵਲੋਂ 8 ਦਸੰਬਰ ਨੂੰ ਸਾਰੇ ਪੰਜਾਬ ਵਿਚ ਬਿਜਲੀ ਸਬ ਡਵੀਜ਼ਨਾਂ ਵਿਚ 12 ਵਜੇ ਤੋਂ ਤਿੰਨ ਵਜੇ ਤਕ ਧਰਨੇ ਦਾ ਪ੍ਰੋਗਰਾਮ ਦਿੱਤਾ ਹੈ | ਜਿਸ ਵਿਚ ਕਿਰਤੀ ਕਿਸਾਨ ਯੂਨੀਅਨ ਵੱਧ ਚੜ੍ਹ ਕੇ ਸ਼ਾਮਿਲ ਹੋਵੇਗੀ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਤਰਨ ਤਾਰਨ ਦੇ ਜ਼ਿਲ੍ਹਾ ਜਨਰਲ ਸਕੱਤਰ ਸਤਪਾਲ ਸਿੰਘ ਨੱਥੋਕੇ, ਮੀਤ ਪ੍ਰਧਾਨ ਗੁਰਬਖਸ਼ ਸਿੰਘ ਸੂਰਵਿੰਡ, ਨਾਜਰ ਸਿੰਘ, ਸੁਰਜੀਤ ਸਿੰਘ ਬਰਾੜ, ਗੁਰਜੰਟ ਸਿੰਘ ਮੈਂਬਰ ਮਿੱਡਾ ਵਲੀਪੁਰ, ਅਸ਼ਵਨੀ ਕੁਮਾਰ ਖਹਿਰਾ ਸਿੰਘ, ਸੁਖਦੇਵ ਸਿੰਘ ਸਰਹਾਲੀ ਖੁਰਦ, ਸਰਦਾਰਾ ਸਿੰਘ ਸਖੀਰਾ ਸਿੰਘ, ਮੇਹਰ ਸਿੰਘ ਚੁਤਾਲਾ, ਬਲਕਾਰ ਸਿੰਘ ਜੰਡੋਕੇ ਸਿੰਘ, ਗੁਰਨਾਮ ਸਿੰਘ ਤਖੂਚੱਕ, ਬਲਵੰਤ ਸਿੰਘ ਖਹਿਰਾ, ਰਣਜੀਤ ਸਿੰਘ ਸ਼ਹਾਬਪੁਰ, ਪ੍ਰਗਟ ਸਿੰਘ, ਗੁਰਸਾਹਿਬ ਸਿੰਘ ਕੋਟ ਬੁੱਢਾ, ਜਸਵਿੰਦਰ ਸਿੰਘ ਮੁੰਡਾ ਪਿੰਡ ਅਤੇ ਬਲਬੀਰ ਸਿੰਘ, ਗੁਰਜੰਟ ਸਿੰਘ ਸੰਗਵਾਂ, ਗੁਰਪ੍ਰਤਾਪ ਸਿੰਘ, ਖਜਾਨ ਸਿੰਘ ਸਰਪੰਚ ਆਦਿ ਹਾਜ਼ਰ ਸਨ |