ਖਾਲੜਾ, 6 ਦਸੰਬਰ (ਜੱਜਪਾਲ ਸਿੰਘ ਜੱਜ)-ਭਿੱਖੀਵਿੰਡ ਬਲਾਕ ਅਧੀਨ ਹੋਣ ਜਾ ਰਹੀਆਂ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਕਾਗਜ਼ ਇੱਕ ਤਰਫੇ ਰੱਦ ਕਰਕੇ ਆਮ ਆਦਮੀ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਘੋਸ਼ਿਤ ਕਰਨ ਨੂੰ ਲੋਕਤੰਤਰ ਦਾ ਘਾਣ ਦੱਸਦਿਆਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਅਤੇ ਹਲਕਾ ਪ੍ਰਧਾਨ ਯੂਥ ਕਾਂਗਰਸ ਬਲਰਾਜ ਸਿੰਘ ਬੌਬੀ ਉਦੋਕੇ ਨੇ ਕਿਹਾ ਕਿ ਜਿਹੜੀ ਪਾਰਟੀ ਆਪਣੇ ਆਪ ਨੂੰ ਆਮ ਆਦਮੀ ਦੀ ਪਾਰਟੀ ਦੱਸਦੀ ਸੀ ਅਤੇ ਸੂਬੇ ਵਿਚ ਨਿਰਪੱਖ ਚੋਣਾਂ ਕਰਾਉਣ ਦੀ ਗੱਲ ਕਰਦੀ ਸੀ | ਉਸਨੇ ਹੀ ਸਭ ਤੋਂ ਜਿਆਦਾ ਲੋਕਤੰਤਰ ਦਾ ਘਾਣ ਕੀਤਾ ਹੈ | ਉਨ੍ਹਾਂ ਕਿਹਾ ਕਿ 'ਆਪ' ਦੇ ਹਲਕਾ ਵਿਧਾਇਕ ਵਲੋਂ ਹਲਕੇ ਵਿੱਚ ਕੋਈ ਵਿਕਾਸ ਨਾ ਕਰਵਾਉਣ ਕਾਰਨ 'ਆਪ' ਨੂੰ ਆਪਣੀ ਹਾਰ ਸਪੱਸ਼ਟ ਦਿਖਾਈ ਦੇ ਰਹੀ ਸੀ, ਜਿਸ ਨੂੰ ਵੇਖਦਿਆਂ ਇਹਨਾਂ ਨੇ ਵਿਰੋਧੀ ਪਾਰਟੀਆਂ ਦੇ ਕਾਗਜ਼ ਰੱਦ ਕਰਵਾ ਦਿੱਤੇ ਹਨ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਜਨਤਾ ਦਾ ਰੌਂਅ ਹੈ, ਉਸ ਤੋਂ ਸਪੱਸ਼ਟ ਹੈ ਕਿ 2027 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ | ਇਸ ਮੌਕੇ ਸਾਬਕਾ ਸਰਪੰਚ ਧਰਮਵੀਰ ਸਿੰਘ ਉਦੋਕੇ, ਸਾਬਕਾ ਸਰਪੰਚ ਸਾਰਜ ਸਿੰਘ ਦਾਸੂਵਾਲ, ਰਾਜਨਦੀਪ ਸਿੰਘ ਕੰਡਾ ਯੂਥ ਆਗੂ, ਸਾਬਕਾ ਸਰਪੰਚ ਗੁਰਭੇਜ ਸਿੰਘ ਮਾੜੀ ਮੇਘਾ, ਜਗਰੂਪ ਸਿੰਘ ਮਾੜੀ ਮੇਘਾ, ਮਨਜਿੰਦਰ ਸਿੰਘ ਮਾੜੀ ਉਦੋਕੇ, ਮਹਾਂਬੀਰ ਸਿੰਘ ਮਾੜੀ ਉਦੋਕੇ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ |