ਤਰਨ ਤਾਰਨ, 25 ਦਸੰਬਰ (ਹਰਿੰਦਰ ਸਿੰਘ)- ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਜੋ ਕਿ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਸਦਕਾ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ, ਦੇ ਵਿਦਿਆਰਥੀਆਂ ਨੇ ਗਲਵੱਕੜੀ ਮੁਹਿੰਮ ਤਹਿਤ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਾਡਾ ਵਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਵਿਚ ਹਿੱਸਾ ਲਿਆ ਹੈ | ਇਹ ਪ੍ਰੋਗਰਾਮ ਅਕਾਲ ਪੁਰਖ ਕੀ ਫੌਜ ਵਲੋਂ ਕਰਵਾਇਆ ਗਿਆ ਸੀ | ਜਿਸ ਵਿਚ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੇ ਸਕੂਲਾਂ ਨੇ ਵੀ ਹਿੱਸਾ ਲਿਆ ਸੀ, ਜੋ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਸੀ | ਇਸ ਨਾਲ ਬੱਚਿਆਂ ਨੇ ਕਵਿਤਾਵਾਂ, ਦਸਤਾਰ, ਰੱਸਾ ਕੱਸੀ, ਗੋਲਾ ਸੁੱਟਣ ਅਤੇ ਪੰਜਾਂ ਮੁਕਾਬਲਿਆਂ ਵਿਚ ਅਕਾਲ ਪੁਰਖ ਦੀ ਫੌਜ ਮੁਹਿੰਮ ਦਾ ਭਾਗੀਦਾਰ ਬਣ ਕੇ ਹਿੱਸਾ ਲਿਆ | ਇਹ ਪ੍ਰਤੀਯੋਗਿਤਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਊ ਅੰਮਿ੍ਤਸਰ ਵਿਖੇ ਕਰਵਾਈ ਗਈ, ਜਿਸ ਵਿਚ ਸਕੂਲ ਦੇ ਵਿਦਿਆਰਥੀ ਏਕਮਜੀਤ ਸਿੰਘ ਨੇ ਗੋਲਾ ਸੁੱਟਣ ਵਿਚ ਪਹਿਲਾਂ ਸਥਾਨ ਅਤੇ ਇਸਦੇ ਨਾਲ ਹੀ ਰੱਸਾ ਕੱਸੀ ਮੁਕਾਬਲੇ ਵਿਚ ਅਰਮਾਨਦੀਪ ਸਿੰਘ, ਏਕਮਜੋਤ ਸਿੰਘ, ਪਵਿੱਤਰ ਸਿੰਘ, ਸੁਖਮਨਦੀਪ ਸਿੰਘ, ਹਰਕੀਰਤ ਸਿੰਘ, ਗਰਨੂਰ ਸਿੰਘ, ਏਕਮਜੋਤ ਸਿੰਘ, ਤਰੁਣਬੀਰ ਸਿੰਘ ਦੀ ਟੀਮ ਨੇ ਪਹਿਲਾਂ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸਦੇ ਨਾਲ ਹੀ ਪੰਜਾ ਮੁਕਾਬਲੇ ਵਿਚ ਅਭੈਜੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ | ਵਿਜੇਤਾ ਵਿਦਿਆਰਥੀਆਂ ਨੂੰ ਇਨਾਮ ਵਜੋਂ ਸਮਾਰਟ ਘੜੀਆਂ ਦਿੱਤੀਆਂ ਗਈਆਂ ਅਤੇ ਉਨਾਂ ਦੀ ਹੌਸਲਾ ਅਫ਼ਜਾਈ ਕੀਤੀ ਗਈ | ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ ਨੇ ਸਾਰੇ ਬੱਚਿਆਂ ਨੂੰ ਹੀ ਵਧਾਈ ਦਿੰਦੇ ਹੋਏ ਕਿਹਾ ਕਿ ਇਹੋ ਜਿਹੇ ਮੁਕਾਬਲੇ ਉਨ੍ਹਾਂ ਦੀ ਕਾਬਲੀਅਤ ਅਤੇ ਹੁਨਰ ਨੂੰ ਹੋਰ ਤਰਾਸ਼ਦੇ ਹਨ | ਇਸ ਲਈ ਸਾਨੂੰ ਪ੍ਰਤਿਯੋਗਿਤਾਵਾਂ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਅਤੇ ਬੱਚੇ ਇਸੇ ਤਰ੍ਹਾਂ ਹੀ ਸਕੂਲ ਦਾ ਨਾਮ ਰੋਸ਼ਨ ਕਰਦੇ ਰਹਿਣਗੇ | ਮੈਡਮ ਨੇ ਸਾਰੇ ਹੀ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਦੇ ਸਟਾਫ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਸਕੂਲ ਦੇ ਮੈਂਬਰਜ਼ ਇੰਚਾਰਜ ਸਰਦਾਰ ਗੁਰਿੰਦਰ ਸਿੰਘ ਲੋਹੇ ਵਾਲੇ ਅਤੇ ਸਤਵਿੰਦਰ ਸਿੰਘ ਜੀ ਨੇ ਇਸ ਪ੍ਰਾਪਤੀ ਲਈ ਪਿ੍ੰਸੀਪਲ ਮੈਡਮ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਿੱਦੀ ਸਕੂਲ ਦੇ ਬੱਚੇ ਮੁਕਾਬਲਿਆਂ ਲਈ ਤੱਤਪਰ ਤਿਆਰ ਰਹਿੰਦੇ ਹਨ ਅਤੇ ਜਿੱਤ ਬਾਰੇ ਹੀ ਸੋਚਦੇ ਹਨ | ਆਪਣੀ ਸੋਚ ਨੂੰ ਹਕੀਕਤ ਰੂਪ ਦੇਣ ਲਈ ਜਿੰਦ ਜਾਨ ਇਕ ਕਰ ਦਿੰਦੇ ਹਨ | ਉਹਨਾਂ ਕਿਹਾ ਕਿ ਇਹ ਕਾਮਯਾਬੀ ਸਕੂਲ ਦੀ ਤਰੱਕੀ ਅਤੇ ਬੱਚਿਆਂ ਦੇ ਵਿਕਾਸ ਲਈ ਇਕ ਹੋਰ ਅਗਾਂਹ ਵਧੂ ਕਦਮ ਹੈ | ਇਸ ਮੌਕੇ ਸਕੂਲ ਦੇ ਵਿਦਿਆਰਥੀ ਅਤੇ ਉਨਾਂ ਦੇ ਮਾਤਾ ਪਿਤਾ ਬਹੁਤ ਖੁਸ਼ ਸਨ |