ਪੱਟੀ, 25 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚਾਰ ਸਹਿਬਜਾਦਿਆਂ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ 27 ਦਸੰਬਰ ਦਿਨ ਸ਼ਨੀਵਾਰ ਨੂੰ ਗੁਰੂਦੁਆਰਾ ਬੀਬੀ ਰਜਨੀ ਜੀ ਸਾਹਮਣੇ ਰੇਲਵੇ ਸਟੇਸਨ ਪੱਟੀ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਬੰਧਕ ਮਲਕੀਅਤ ਸਿੰਘ ਬੱਬਲ ਨੇ ਦੱਸਿਆ ਕਿ ਸੁਸਾਇਟੀ ਵਲੋਂ ਸਾਹਿਬਜਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਦਸੰਬਰ ਮਹੀਨੇ ਵੱਡੇ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ | ਜਿਸ ਤਹਿਤ ਇਸ ਵਾਰ ਵੀ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ, ਜਿਸਦਾ ਸਮਾਂ ਸਵੇਰੇ 9 ਤੋਂ 5 ਵਜੇ ਤੱਕ ਦਾ ਹੈ | ਉਨ੍ਹਾਂ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ 'ਤੇ ਇਕ ਵਿਲੱਖਣ ਹੀ ਇਤਿਹਾਸ ਸਿਰਜ ਗਈ ਹੈ | ਅੱਜ ਸਾਡੇ ਨੌਜਵਾਨਾਂ ਨੂੰ ਇਹੋ ਜਿਹੇ ਯੋਧਿਆਂ ਨੂੰ ਹੀ ਆਪਣਾ ਅਸਲ ਹੀਰੋ ਮੰਨਣਾ ਚਾਹੀਦਾ ਹੈ ਅਤੇ ਇਨ੍ਹਾਂ ਦੀਆਂ ਕੁਰਬਾਨੀਆਂ ਨੂੰ ਆਪਣੇ ਦਿਲਾਂ ਅੰਦਰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਬੁਰਾਈਆਂ ਨੂੰ ਛੱਡਕੇ ਸਮਾਜ ਵਿਚ ਚੰਗੇ ਕਾਰਜ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਜਿੱਥੇ ਸਾਡੀ ਨੌਜਵਾਨੀ ਦਾ ਕੁਝ ਕਿ ਹਿੱਸਾ ਗਲਤ ਸੰਗਤ ਵਿਚ ਫ਼ਸਿਆ ਹੋਇਆ ਹੈ, ਉੱਥੇ ਹੀ ਚੰਗੀ ਸੋਚ ਰੱਖਣ ਵਾਲੇ ਨੌਜਵਾਨਾਂ ਵਲੋਂ ਸਮੇਂ ਸਮੇਂ ਤੇ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ |