ਜਗਦੇਵ ਕਲਾਂ, 27 ਦਸੰਬਰ (ਸ਼ਰਨਜੀਤ ਸਿੰਘ ਗਿੱਲ)-ਅਧਿਆਪਕ ਆਗੂ ਅਵਤਾਰ ਸਿੰਘ ਮੱਟੂ ਅਤੇ ਹੀਰਾ ਸਿੰਘ ਭੱਟੀ ਦੀ ਅਗਵਾਈ ਹੇਠ ਇਕ ਵਫਦ ਬਲਾਕ ਸਿੱਖਿਆ ਅਫਸਰ ਅੰਮਿ੍ਤਸਰ -2 ਬਲਜੀਤ ਸਿੰਘ ਨੂੰ ਮਿਲਿਆ | ਜਿਸ ਵਿਚ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਸਹਿਤ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਵਫਦ ਵਲੋਂ ਅਧਿਆਪਕਾਂ ਕੋਲੋਂ ਗ਼ੈਰ ਵਿਦਿਅਕ ਕੰਮ ਲਏ ਜਾਣ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਦੱਸਿਆ ਗਿਆ ਕਿ ਬੇਲੋੜੀਆਂ ਆਨਲਾਈਨ ਡਾਕਾਂ ਤੁਰੰਤ ਮੰਗਣ ਕਾਰਨ ਸਕੂਲ ਮੁਖੀ ਅਤੇ ਅਧਿਆਪਕ ਮਾਨਸਿਕ ਦਬਾਅ ਵਿਚ ਗੁਜ਼ਰ ਰਹੇ ਹਨ | ਵਿਭਾਗੀ ਦਫਤਰਾਂ ਵਿਚ ਕਲੈਰੀਕਲ ਸਟਾਫ ਵਲੋਂ ਅਧਿਆਪਕਾਂ ਦੇ ਕੰਮਾਂ ਨੂੰ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਹੈ | ਵਫਦ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਅਧਿਆਪਕਾਂ ਦੀ ਇਨਕਰੀਮੈਂਟ ਲਾਈ ਹੀ ਨਹੀਂ ਜਾਂਦੀ ਤੇ ਕੁਝ ਅਧਿਆਪਕਾਂ ਨੂੰ ਪੇਂਡੂ ਦੀ ਥਾਂ ਸ਼ਹਿਰੀ ਭੱਤੇ ਲਾ ਕੇ ਤਨਖਾਹ ਵਧਾ ਦਿੱਤੀ ਜਾਂਦੀ ਹੈ | ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਭੱਤੇ ਅਤੇ ਇਨਕਰੀਮੈਂਟ ਲਾਉਣ ਲੱਗਿਆਂ ਬਣਦੇ ਸਮੇਂ ਤੇ ਬਣਦੀ ਇਨਕਰੀਮੈਂਟ ਤੇ ਬਣਦੇ ਭੱਤੇ ਹੀ ਲਾਏ ਜਾਣ ਕਿਉਂਕਿ ਵੱਧ ਜਾਂ ਘੱਟ ਲਾਉਣ ਨਾਲ ਕਈ ਮੁਸ਼ਕਿਲਾਂ ਪੈਦਾ ਹੁੰਦੀਆਂ ਹਨ | ਇਸ ਤੋਂ ਇਲਾਵਾ ਵਫਦ ਨੇ ਦੱਸਿਆ ਕਿ ਕਈ ਅਧਿਆਪਕਾਂ ਦੀਆਂ ਨਿਯੁਕਤੀ ਮਿਤੀਆਂ ਅਤੇ ਜਨਮ ਤਰੀਕਾਂ ਗਲਤ ਐਂਟਰ ਕੀਤੀਆਂ ਗਈਆਂ ਹਨ | ਇਹ ਸਾਰੀਆਂ ਗਲਤੀਆਂ ਤੁਰੰਤ ਸੁਧਾਰੀਆਂ ਜਾਣ | ਆਗੂਆਂ ਨੇ ਇਥੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਾਰੀ ਗੱਲਬਾਤ ਬੜੇ ਸਦਭਾਵਨਾ ਪੂਰਨ ਮਾਹੌਲ 'ਚ ਹੋਈ ਅਤੇ ਸਿੱਖਿਆ ਅਫਸਰ ਨੇ ਵਫਦ ਨੂੰ ਭਰੋਸਾ ਦਵਾਇਆ ਕਿ ਅਧਿਆਪਕਾਂ ਦੇ ਮਸਲੇ ਅਤੇ ਮੁਸ਼ਕਿਲਾਂ ਦਾ ਜਲਦ ਹੱਲ ਕੀਤਾ ਜਾਵੇਗਾ | ਇਸ ਮੌਕੇ ਸੁਖਰਾਜ ਸਿੰਘ ਮਾਹਲ, ਗੁਰਚਰਨ ਸਿੰਘ ਮੌੜੇ, ਅਸ਼ਵਨੀ ਕੁਮਾਰ, ਜੋਗਾ ਸਿੰਘ, ਧੀਰਜ ਕੁਮਾਰ, ਰਾਜਬੀਰ ਸਿੰਘ, ਪਰਮਿੰਦਰ ਸਿੰਘ, ਸੁਮੇਸ਼ ਗਿੱਲ ਆਦਿ ਸਾਥੀ ਹਾਜ਼ਰ ਸਨ |