ਚੋਗਾਵਾਂ, 27 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀਆਂ ਸਰਕਾਰੀ ਆਈ.ਟੀ.ਆਈ. ਵਿਚ ਕੰਮ ਕਰਦੇ 700 ਠੇਕਾ ਇੰਸਟਰਕਟਰਾਂ ਨੇ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਧੂਰੀ ਵਿਖੇ 5 ਜਨਵਰੀ ਨੂੰ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਸਰਕਾਰੀ ਆਈ.ਟੀ.ਆਈ. ਲੋਪੋਕੇ ਦੇ ਸੰਦੀਪ ਸਿੰਘ, ਰਾਜਨ ਸ਼ਰਮਾ, ਨਿਤਿਨ ਕੁਮਾਰ, ਜਗਬੀਰ ਸਿੰਘ, ਕਿਰਨਜੀਤ ਸਿੰਘ, ਸ਼ਸਪਾਲ ਸਿੰਘ, ਪਰਮਿੰਦਰ ਪਾਲ ਸਿੰਘ, ਗੁਰਵਿੰਦਰ ਸਿੰਘ, ਸਿਮਰਨਜੀਤ ਕੌਰ, ਮਨਪ੍ਰੀਤ ਕੌਰ, ਪਰਮਿੰਦਰ ਕੌਰ, ਨਵਦੀਪ ਸਿੰਘ, ਹਰਮੁਖ ਸਿੰਘ ਨੇ ਦੱਸਿਆ ਮੌਜੂਦਾ ਲਾਰੇਬਾਜ਼ ਸਰਕਾਰ ਦੇ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਲਾਰੇ ਹੀ ਮਿਲ ਰਹੇ ਹਨ | ਅਸੀਂ ਪਿਛਲੇ 15-16 ਸਾਲਾਂ ਤੋਂ ਪੰਜਾਬ ਦੀਆਂ ਸਰਕਾਰੀ ਆਈ.ਟੀ. ਆਈਆਂ ਵਿਚ ਗਰੁੱਪ ਬੀ ਕ੍ਰਾਫਟ ਇੰਸਟਰਕਟਰ ਵਜੋਂ ਬਿਨਾਂ ਕਿਸੇ ਸਰਕਾਰੀ ਸਹੂਲਤ ਦੇ ਠੇਕੇ ਵਜੋਂ ਸਿਰਫ 15 ਹਜ਼ਾਰ ਪ੍ਰਤੀ ਮਹੀਨਾ ਆਪਣਾ ਸੋਸ਼ਣ ਕਰਵਾ ਰਹੇ ਹਾਂ | ਅਸੀਂ ਪੰਜਾਬ ਦੇ ਮੰਤਰੀਆਂ ਨਾਲ ਗੱਲਬਾਤ ਵੀ ਕੀਤੀ ਪਰ ਸਾਡੀ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ | ਜਿਸ ਦੇ ਵਿਰੋਧ ਵਿਚ 5 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਵਿਖੇ ਰੋਸ ਰੈਲੀ ਕਰਕੇ ਸੁੱਤੀ ਸਰਕਾਰ ਨੂੰ ਜਗਾਇਆ ਜਾਵੇਗਾ |