ਤਰਨ ਤਾਰਨ, 29 ਦਸੰਬਰ (ਪਰਮਜੀਤ ਜੋਸ਼ੀ)ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਸਭਾ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਇਕ ਸ਼ਰਧਾਪੂਰਵਕ ਸ਼ਹੀਦੀ ਗੁਰਮਿਤ ਸਮਾਗਮ ਤਰਨ ਤਾਰਨ ਦੇ ਕਸਬਾ ਮੁਰਾਦਪੁਰਾ ਵਿਖੇ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ | ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਗੁਰਬਾਣੀ ਦੇ ਜਾਪ ਨਾਲ ਹੋਈ, ਜਿਸ ਨਾਲ ਸਮੂਹ ਵਾਤਾਵਰਣ ਗੁਰਮਤਿ ਰਸ ਵਿਚ ਰੰਗਿਆ ਗਿਆ | ਇਸ ਮੌਕੇ ਢਾਡੀ, ਕਵੀਸ਼ਰੀ ਅਤੇ ਬੀਬੀਆਂ ਦੇ ਕੀਰਤਨੀ ਜਥਿਆਂ ਵਲੋਂ ਕਵੀਸ਼ਰੀ ਅਤੇ ਗੁਰਬਾਣੀ ਰਾਹੀਂ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਗਿਆ, ਜਿਸ ਨੇ ਹਾਜ਼ਰ ਸੰਗਤ ਨੂੰ ਗਹਿਰੇ ਤੌਰ 'ਤੇ ਪ੍ਰਭਾਵਿਤ ਕੀਤਾ | ਇਸ ਸਮਾਗਮ ਮੌਕੇ ਪਹੁੰਚੇ ਵੱਖ ਵੱਖ ਕਥਾਵਾਚਕਾਂ ਵਲੋਂ ਆਈ ਹੋਈ ਸੰਗਤ ਨਾਲ ਕਥਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਸਿੱਖ ਪੰਥ ਲਈ ਦਿੱਤੀ ਗਈ ਕੁਰਬਾਨੀ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਨੇ ਸਾਹਿਬਜ਼ਾਦਿਆਂ ਵਲੋਂ ਛੋਟੀ ਉਮਰ ਵਿਚ ਦਿੱਤੀ ਗਈ ਸ਼ਹਾਦਤ ਨੂੰ ਲਾਮਿਸਾਲ ਕੁਰਬਾਨੀ ਦੱਸਦਿਆਂ ਸਾਹਿਬਜ਼ਾਦਿਆਂ ਵਲੋਂ ਦਰਸਾਏ ਗਏ ਹੱਕ ਤੇ ਸੱਚ ਦੇ ਮਾਰਗ 'ਤੇ ਚੱਲਣ, ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਅਤੇ ਬਾਣੀ ਤੇ ਬਾਣੀ ਦੇ ਧਾਰਨੀ ਹੋਣ ਦੀ ਪ੍ਰੇਰਨਾ ਦਿੱਤੀ | ਚਾਰ ਸਾਹਿਬਜ਼ਾਦਿਆਂ ਦੀ ਅਮਰ ਸ਼ਹਾਦਤ ਨੂੰ ਨਮਨ ਕਰਦੇ ਹੋਏ ਪੂਰਾ ਹਫਤਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਡਾ. ਲਾਲ ਸਿੰਘ ਲਾਲੀ, ਗੁਰਮੀਤ ਸਿੰਘ ਸੂਬੇਦਾਰ ਖਜਾਨਚੀ, ਬਲਦੇਵ ਸਿੰਘ, ਜਤਿੰਦਰ ਸਿੰਘ ਹੀਰਾ, ਗੁਰਸਾਹਿਬ ਸਿੰਘ ਮੁਰਾਦਪੁਰਾ, ਹਰਦੇਵ ਸਿੰਘ ਪਿੰਕਾ, ਮੋਹਨ ਸਿੰਘ, ਭਾਰਤ ਮਨਚੰਦਾ, ਕੁਲਦੀਪ ਸਿੰਘ, ਡਾ. ਬਲਵੰਤ ਸਿੰਘ, ਹਰਵਿੰਦਰ ਸਿੰਘ, ਜਗਜੀਤ ਸਿੰਘ, ਹਰਦਿਆਲ ਸਿੰਘ, ਜੋਗਿੰਦਰ ਸਿੰਘ, ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਸਭਾ ਦੇ ਸਮੂਹ ਮੈਂਬਰ ਅਤੇ ਇਲਾਕੇ ਦੀ ਸੰਗਤ ਵਲੋਂ ਵਧ ਚੜ੍ਹ ਕੇ ਸਮਾਗਮਾਂ ਦੌਰਾਨ ਹਾਜ਼ਰੀ ਭਰੀ | ਗੁਰੂ ਕੇ ਲੰਗਰ ਅਤੁੱਟ ਵਰਤਦੇ ਰਹੇ |