ਤਰਨ ਤਾਰਨ, 30 ਦਸੰਬਰ (ਹਰਿੰਦਰ ਸਿੰਘ)-ਥਾਣਾ ਸਦਰ ਅਧੀਨ ਪੈਂਦੇ ਪਿੰਡ ਝਾਮਕਾ ਖੁਰਦ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਅੰਮਿ੍ਤਸਰ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ | ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮਿ੍ਤਕ ਸਿੱਧਾ ਸਾਧਾ ਵਿਅਕਤੀ ਹੈ ਅਤੇ ਪਿੰਡ ਐਮਾ ਮਲ੍ਹੀਆ ਵਿਖੇ ਬਿਨਾਂ ਬੁਲਾਏ ਵਿਆਹ 'ਚ ਜਾਣ ਨਾਲ ਉਸ ਦੀ ਜੋ ਕੁੱਟਮਾਰ ਕੀਤੀ ਗਈ, ਉਹ ਮੌਤ ਦਾ ਕਾਰਨ ਬਣੀ ਹੈ | ਪਰਿਵਾਰਕ ਮੈਂਬਰਾਂ ਨੇ ਕੇਸ ਦਰਜ ਕਰਵਾਉਣ ਲਈ ਥਾਣਾ ਸਦਰ ਦੇ ਬਾਹਰ ਲਾਸ਼ ਨੂੰ ਰੱਖ ਕੇ ਧਰਨਾ ਲਗਾਇਆ | ਇਸ ਸੰਬੰਧ ਵਿਚ ਮਿ੍ਤਕ ਦੇ ਪਰਿਵਾਰਕ ਮੈਂਬਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਨਿਰਮਲ ਸਿੰਘ ਪੁੱਤਰ ਕੇਬਲ ਸਿੰਘ, ਜੋ ਕਿ ਪਿੰਡ ਝਾਮਕੇ ਖੁਰਦ ਦਾ ਰਹਿਣ ਵਾਲਾ ਹੈ ਅਤੇ ਸਿੱਧਾ ਸਾਧਾ ਵਿਅਕਤੀ ਹੈ | ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਨਿਰਮਲ ਸਿੰਘ ਪਿੰਡ ਐਮਾ ਮਲੀਆ ਵਿਖੇ ਇਕ ਵਿਆਹ ਦੇ ਪ੍ਰੋਗਰਾਮ ਵਿਚ ਆਪਣੇ ਆਪ ਚਲਾ ਗਿਆ, ਜਿੱਥੇ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ 'ਤੇ ਉਸ ਦੀ ਕੁੱਟਮਾਰ ਕੀਤੀ | ਉਨ੍ਹਾਂ ਦੱਸਿਆ ਕਿ ਨਿਰਮਲ ਸਿੰਘ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਅੰਮਿ੍ਤਸਰ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੁਲਿਸ ਨੂੰ ਇਸ ਦੀ ਸ਼ਿਕਾਇਤ ਦੇਣ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਧਰਨਾ ਲਗਾਉਣਾ ਪਿਆ | ਦੂਸਰੇ ਪਾਸੇ ਥਾਣਾ ਸਦਰ ਦੇ ਐਸ.ਐਚ.ਓ. ਇੰਸ. ਗੁਰਚਰਨ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਨਿਰਮਲ ਸਿੰਘ ਦਾ 17 ਦਸੰਬਰ ਨੂੰ ਕਿਸੇ ਵਿਆਹ ਦੇ ਸਮਾਗਮ ਵਿਚ ਬਿਨ ਬੁਲਾਏ ਜਾਣ ਕਾਰਨ ਝਗੜਾ ਹੋਇਆ ਸੀ, ਪਰ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਕੋਈ ਵੀ ਮੈਡੀਕਲ ਰਿਪੋਰਟ ਨਹੀਂ ਦਿੱਤੀ | ਉਨ੍ਹਾਂ ਦੱਸਿਆ ਕਿ ਮਿ੍ਤਕ ਵਿਅਕਤੀ ਦੇ ਸਰੀਰ 'ਤੇ ਕੋਈ ਬਾਹਰੀ ਸੱਟ ਨਹੀਂ ਹੈ | ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ | ਫਿਲਹਾਲ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਮਿ੍ਤਕ ਵਿਅਕਤੀ ਦਾ ਸਿਵਲ ਹਸਪਤਾਲ ਤਰਨ ਤਾਰਨ ਤੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੋਸਟ ਮਾਰਟਮ ਦੀ ਰਿਪੋਰਟ ਅਤੇ ਮੈਡੀਕਲ ਰਿਪੋਰਟ ਆਉਣ 'ਤੇ ਮੌਤ ਦਾ ਜੋ ਵੀ ਕਾਰਨ ਆਵੇਗਾ, ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |