ਤਰਨ ਤਾਰਨ, 30 ਦਸੰਬਰ (ਪਰਮਜੀਤ ਜੋਸ਼ੀ)-ਥਾਣਾ ਸਿਟੀ ਤਰਨ ਤਾਰਨ ਪੁਲਿਸ ਨੇ ਦੁਕਾਨ 'ਤੇ ਕੰਮ ਕਰ ਰਹੇ ਪਿਓ-ਪੁੱਤ ਉਪਰ ਹਥਿਆਰਾਂ ਨਾਲ ਲੈਸ ਹੋ ਕੇ ਇਕ ਔਰਤ ਸਮੇਤ ਚਾਰ ਵਿਅਕਤੀਆਂ ਵਲੋਂ ਕੱੁਟਮਾਰ ਕਰਦਿਆਂ ਗੰਭੀਰ ਸੱਟਾਂ ਮਾਰਨ, ਪੱਗ ਲਾਹੁਣ ਅਤੇ ਵਿਅਕਤੀ ਦੇ ਗਲ 'ਚ ਪਾਈ ਸੋਨੇ ਦੀ ਚੈਨ, ਦੁਕਾਨ ਦੇ ਗੱਲੇ ਵਿਚ ਪਏ 52 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਹਮਲਾਵਰਾਂ ਖ਼ਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਗੁਰਵਿੰਦਰ ਸਿੰਘ ਉਰਫ ਗਿੰਦੂ ਪੁੱਤਰ ਬਲਵਿੰਦਰ ਸਿੰਘ ਵਾਸੀ ਸਰਕੂਲਰ ਰੋਡ ਮੁਹੱਲਾ ਟਾਂਕਕਸ਼ਤਰੀ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ 25 ਅਕਤੂਬਰ ਨੂੰ ਸਵੇਰੇ 9 ਵਜੇ ਉਹ ਆਪਣੇ ਤਾਏ ਜਸਬੀਰ ਸਿੰਘ ਦੇ ਘਰੋਂ ਪਰਾਤ ਲੈਣ ਲਈ ਗਿਆ ਸੀ ਮੇਰੇ ਤਾਏ ਦੇ ਗੁਆਂਢ ਰਹਿੰਦੇ ਸੁਰਿੰਦਰ ਸਿੰਘ ਉਰਫ ਛਿੰਦਰ ਪੁੱਤਰ ਜੋਗਿੰਦਰ ਸਿੰਘ ਵਾਸੀ ਗਲੀ ਚੰਨਣ ਸਿੰਘ ਵਾਲੀ ਮੁਹੱਲਾ ਟਾਂਕਕਸੱਤਰੀ ਤਰਨ ਤਾਰਨ ਗਲੀ 'ਚ ਕੰਮ ਕਰ ਰਿਹਾ ਸੀ, ਜੋ ਬਿਨਾ ਗੱਲੋਂ ਮੇਰੇ ਨਾਲ ਤੂੰ ਤੂੰ ਮੈਂ ਮੈਂ ਕਰਨ ਲੱਗ ਪਿਆ | ਮੌਕੇ 'ਤੇ ਮੇਰੇ ਤਾਏ ਦੇ ਲੜਕੇ ਨੇ ਸਾਨੂੰ ਦੋਵਾਂ ਨੂੰ ਲੜਨੋ ਹਟਾਇਆ | ਮੈਂ ਆਪਣੀ ਦੁਕਾਨ 'ਤੇ ਆ ਕੇ ਕੰਮ ਕਰਨ ਲੱਗ ਪਿਆ ਤਾਂ ਸਾਢੇ 9 ਵਜੇ ਸੁਰਿੰਦਰ ਸਿੰਘ ਉਰਫ ਛਿੰਦਾ, ਰਣਜੀਤ ਸਿੰਘ ਉਰਫ ਰਾਣਾ ਪੁੱਤਰ ਭੇਜਾ ਸਿੰਘ ਵਾਸੀ ਠਰੂ, ਪੰਮਾ ਵਾਸੀ ਵਾਲਮੀਕਿ ਮੰਦਰ ਮੁਹੱਲਾ ਟਾਂਕਕਸ਼ਤਰੀ ਤਰਨ ਤਾਰਨ ਅਤੇ ਕੁਲਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਜੋ ਕਿ ਹਥਿਆਰਾਂ ਨਾਲ ਲੈਸ ਨੇ ਮੇਰੀ ਦੁਕਾਨ ਵਿਚ ਆਏ ਤੇ ਆਉਦਿਆਂ ਸਾਰ ਹੀ ਸਾਰੇ ਵਿਅਕਤੀਆਂ ਨੇ ਆਪਣੇ ਹਥਿਆਰਾਂ ਨਾਲ ਮੇਰੇ 'ਤੇ ਵਾਰ ਕੀਤਾ, ਜੋ ਮੇਰੇ ਸੱਟਾਂ ਲੱਗ ਗਈਆਂ ਤੇ ਮੈਂ ਜ਼ਮੀਨ ਉਪਰ ਡਿੱਗ ਗਿਆ ਤੇ ਮੇਰੀ ਪੱਗ ਲੱਥ ਗਈ | ਇੰਨੇ ਨੂੰ ਮੇਰਾ ਪਿਤਾ ਬਲਵਿੰਦਰ ਸਿੰਘ ਵੀ ਦੁਕਾਨ 'ਤੇ ਆ ਗਿਆ, ਜੋ ਮੈਨੂੰ ਛੁਡਾਉਣ ਲਈ ਅੱਗੇ ਹੋਇਆ ਤਾਂ ਉਕਤ ਸਾਰੇ ਵਿਅਕਤੀ ਮੇਰੇ ਪਿਤਾ ਦੀ ਕੁੱਟਮਾਰ ਕਰਨ ਲੱਗ ਪਏ | ਇੰਨੇ ਨੂੰ ਮੁਹੱਲੇ ਦੇ ਲੋਕ ਇਕੱਠੇ ਹੁੰਦੇ ਦੇਖ ਕੇ ਉਕਤ ਸਾਰੇ ਵਿਅਕਤੀ ਧਮਕੀਆਂ ਦਿੰਦੇ ਹੋਏ ਮੇਰੀ ਪੈਂਟ ਦੀ ਜੇਬ ਵਿਚੋੋਂ ਮੇਰਾ ਮੋਬਾਈਲ, ਮੇਰੇ ਗਲੇ ਵਿਚ ਪਾਈ ਸੋਨੇ ਦੀ ਚੈਨ ਅਤੇ ਗੱਲੇ ਵਿਚ ਪਿਆ 52 ਹਜਾਰ ਰੁਪਏ ਲੈ ਕੇ ਫ਼ਰਾਰ ਹੋ ਗਏ | ਮੇਰੇ ਪਰਿਵਾਰਕ ਮੈਂਬਰਾਂ ਨੇ ਜ਼ਖ਼ਮੀ ਹਾਲਤ ਵਿਚ ਮੈਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ | ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ |