ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਫਗਵਾੜਾ ਪੁਲਿਸ ਵੱਲੋਂ ਬੀਤੇ ਦਿਨ ਕਾਲ ਸੈਂਟਰ ਵਿਚ ਛਾਪਾਮਾਰੀ ਦੌਰਾਨ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਪੁੱਛ ਪੜਤਾਲ ਤੋਂ ਬਾਅਦ ਅੱਜ ਲੁਧਿਆਣਾ ਵਿਖੇ ਵੀ ਛਾਪਾਮਾਰੀ ਕੀਤੀ ਗਈ ਅਤੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ | ਜਾਣਕਾਰੀ ਅਨੁਸਾਰ ਫਗਵਾੜਾ ਅਤੇ ਲੁਧਿਆਣਾ ਪੁਲਿਸ ਵੱਲੋਂ ਅੱਜ ਬਾਅਦ ਦੁਪਹਿਰ ਖੁੱਡ ਮੁਹੱਲਾ ਵਿਖੇ ਛਾਪੇਮਾਰੀ ਕੀਤੀ ਗਈ ਅਤੇ ਇੱਥੋਂ ਪੁਲਿਸ ਵੱਲੋਂ ਪਵਨ ਕੁਮਾਰ ਨਾਮੀ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ | ਪੁਲਿਸ ਨੇ ਉਸ ਪਾਸੋਂ 2 ਕਰੋੜ 5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਪੁਲਿਸ ਉਸ ਨੂੰ ਆਪਣੇ ਨਾਲ ਫਗਵਾੜਾ ਲੈ ਗਈ | ਪੁਲਿਸ ਵੱਲੋਂ ਇਸ ਸਬੰਧੀ ਜਿਆਦਾ ਵੇਰਵੇ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ | ਕਾਬੂ ਕੀਤਾ ਗਿਆ ਕਥਿਤ ਦੋਸ਼ੀ ਮੂਲ ਰੂਪ ਵਿਚ ਰਾਜਸਥਾਨ ਦਾ ਰਹਿਣ ਵਾਲਾ ਹੈ | ਪੁਲਿਸ ਵੱਲੋਂ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ |