ਲੁਧਿਆਣਾ, 19 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਜਸਦੇਵ ਨਗਰ ਅਤੇ ਬਚਿੱਤਰ ਨਗਰ ਵਿਚ ਬੀਤੀ ਰਾਤ ਜਿੱਤ ਦਾ ਜਸ਼ਨ ਮਨਾ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਉੱਪਰ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਪੁਲਿਸ ਨੇ ਕਾਂਗਰਸੀ ਆਗੂ ਸਮੇਤ 19 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਆਮ ਆਦਮੀ ਪਾਰਟੀ ਦੇ ਵਰਕਰ ਪ੍ਰਵੀਨ ਕੁਮਾਰ ਵਾਸੀ ਬਚਿੱਤਰ ਨਗਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਕਾਂਗਰਸੀ ਆਗੂ ਸਾਬਕਾ ਸਰਪੰਚ ਜਸਬੀਰ ਸਿੰਘ, ਅਜੇ ਵੀਰ ਸਿੰਘ, ਉਧੇ ਵੀਰ ਸਿੰਘ, ਨਿੰਦਾ, ਤਜਿੰਦਰ ਸਿੰਘ ਉਰਫ ਲਾਡੀ, ਪੂਜਾ ਪੰਚ, ਹਰਪਾਲ ਸਿੰਘ ਉਰਫ ਬੱਬੂ ਅਤੇ ਉਨ੍ਹਾਂ ਦੇ 12 ਹੋਰ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਸ ਮਾਮਲੇ ਵਿਚ ਉਧੇ ਵੀਰ, ਪੂਜਾ ਪੰਚ ਅਤੇ ਹਰਪਾਲ ਸਿੰਘ ਉਰਫ ਬੱਬੂ ਨੂੰ ਕਾਬੂ ਕਰ ਲਿਆ ਹੈ | ਉਧੇ ਵੀਰ ਵੀ ਇਸ ਲੜਾਈ ਵਿਚ ਜ਼ਖਮੀ ਹੋ ਗਿਆ ਸੀ, ਅਦਾਲਤ ਵਲੋਂ ਉਸ ਦਾ ਇਲਾਜ ਕਰਵਾਉਣ ਬਾਰੇ ਹੁਕਮ ਦਿੱਤੇ ਹਨ | ਬੀਤੀ ਰਾਤ ਬਲਾਕ ਸੰਮਤੀ ਮੈਂਬਰਾਂ ਦੀ ਜਿੱਤ ਦੀ ਖੁਸ਼ੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਇਹਨਾਂ ਮੁਹੱਲਿਆਂ ਵਿਚ ਧੰਨਵਾਦ ਰੈਲੀ ਕੱਢ ਰਹੇ ਸਨ ਕਿ ਉੱਥੇ ਇਹਨਾਂ ਦਾ ਟਕਰਾਅ ਉਕਤ ਕਥਿਤ ਦੋਸ਼ੀਆਂ ਨਾਲ ਹੋ ਗਿਆ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਜਸਵੀਰ ਸਿੰਘ ਅਤੇ ਉਸ ਦੇ ਸਾਥੀਆਂ ਵਲੋਂ ਅੰਨੇ੍ਹ ਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਆਮ ਆਦਮੀ ਪਾਰਟੀ ਦੇ ਚਾਰ ਵਰਕਰ ਜ਼ਖਮੀ ਹੋ ਗਏ | ਪੁਲਿਸ ਵਲੋਂ ਦੇਰ ਰਾਤ ਕਾਂਗਰਸੀ ਵਰਕਰਾਂ ਦੇ ਘਰ ਛਾਪੇਮਾਰੀ ਕੀਤੀ ਗਈ ਅਤੇ ਉਕਤ ਤਿੰਨਾਂ ਨੂੰ ਕਾਬੂ ਕਰ ਲਿਆ | ਪੁਲਿਸ ਵਲੋਂ ਇਹ ਛਾਪਾਮਾਰੀ ਅੱਜ ਦੇਰ ਸ਼ਾਮ ਤੱਕ ਵੀ ਜਾਰੀ ਰਹੀ | ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਵਲੋਂ ਚੋਣਾਂ ਦੌਰਾਨ ਅਸਲਾ ਧਾਰਕਾਂ ਨੂੰ ਆਪਣੇ ਹਥਿਆਰ ਥਾਣੇ ਵਿਚ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ, ਪਰ ਪੁਲਿਸ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਵਿਚ ਅਸਫਲ ਰਹੀ ਅਤੇ ਇਹ ਗੋਲੀਬਾਰੀ ਦੀ ਘਟਨਾ ਹੋ ਗਈ, ਕਿਉਂਕਿ ਜਸਵੀਰ ਸਿੰਘ ਅਤੇ ਉਸ ਦੇ ਸਾਥੀਆਂ ਪਾਸ ਪਿਸਤੌਲਾਂ ਸਨ, ਜਿਨ੍ਹਾਂ ਤੋਂ ਉਹ ਗੋਲੀਆਂ ਚਲਾਉਂਦੇ ਰਹੇ | ਬੀਤੇ ਦਿਨ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਸਾਹਮਣੇ ਆਪਣਾ ਪੂਰਾ ਰੋਸ ਪ੍ਰਗਟ ਕੀਤਾ ਗਿਆ | ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਵਲੋਂ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ ਸਨ, ਜਿਸ ਕਾਰਨ ਇਹ ਘਟਨਾ ਵਾਪਰ ਗਈ | ਗਿ੍ਫ਼ਤਾਰ ਮੁਲਜ਼ਮ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤੇ ਹਨ | ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਅੱਜ ਦੁਪਹਿਰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਸਮਰਥਕ ਪਰਵੀਨ ਕੁਮਾਰ ਵਲੋਂ ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਮਾਲਵਾ ਜ਼ੋਨ ਦੇ ਇੰਚਾਰਜ ਸੀਨੀਅਰ ਐਡਵੋਕੇਟ ਗੁਰਪ੍ਰੀਤ ਸਿੰਘ ਸੈਣੀ ਪੇਸ਼ ਹੋਏ | ਪੁਲਿਸ ਰਿਮਾਂਡ ਨੂੰ ਲੈ ਕੇ ਸਰਕਾਰੀ ਅਤੇ ਸਫ਼ਾਈ ਪੱਖ ਦੇ ਵਕੀਲਾਂ ਵਿਚਾਲੇ ਜ਼ੋਰਦਾਰ ਬਹਿਸ ਹੋਈ, ਪਰ ਮਾਨਯੋਗ ਅਦਾਲਤ ਵਲੋਂ ਸਰਕਾਰੀ ਅਤੇ ਸ਼ਿਕਾਇਤਕਰਤਾ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਕਥਿਤ ਦੋਸ਼ੀਆਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ |