ਲੁਧਿਆਣਾ, 28 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਰਬੰਸ ਦਾਨੀ, ਸਾਹਿਬ-ਏ-ਕਮਾਲ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਚਾਰ ਰੋਜ਼ਾ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ 2 ਤੋਂ 5 ਜਨਵਰੀ ਤੱਕ ਕਰਵਾਏ ਜਾ ਰਹੇ ਹਨ | ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਮੱਕੜ ਨੇ ਦੱਸਿਆ ਕਿ 2 ਜਨਵਰੀ ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 1.00 ਵਜੇ ਸ੍ਰੀ ਗੁਰੂੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਕਿ੍ਸ਼ਨਾ ਮੰਦਿਰ ਚੌਕ, ਆਰ.ਐਸ. ਮਾਡਲ ਸਕੂਲ, ਗੁਰੂ ਤੇਗ ਬਹਾਦਰ ਸਾਹਿਬ ਹਸਪਤਾਲ ਸ਼ਾਸ਼ਤਰੀ ਨਗਰ ਤੋਂ ਹੁੰਦਾ ਹੋਇਆ ਗੁਰਦੁਆਰਾ ਹਰਨਾਮ ਨਗਰ, ਮਿੰਟਗੁਮਰੀ ਚੌਕ, ਗੁਲਾਟੀ ਚੌਂਕ, ਮਾਡਲ ਟਾਊਨ ਮਾਰਕੀਟ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਅਤੇ ਗੋਲਡਨ ਬਾਕਸ ਰੋਡ ਤੋਂ ਗੁਰਦੁਆਰਾ ਸ਼ਹੀਦਾਂ ਤੋਂ ਹੁੰਦਾ ਹੋਇਆ ਗੁਲਾਟੀ ਚੌਂਕ ਤੋਂ ਚਾਰ ਖੰਭਾ ਚੌਂਕ, ਮਾਡਲ ਹਾਊਸ, ਮੇਨ ਰੋਡ ਬੀ-ਬਲਾਕ ਮਾਡਲ ਟਾਊਨ ਐਕਸਟੈਨਸ਼ਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸੰਪਨ ਹੋਵੇਗਾ | ਉਨ੍ਹਾ ਦੱਸਿਆ ਕਿ 3 ਜਨਵਰੀ ਦਿਨ ਸ਼ਨੀਵਾਰ ਨੂੰ ਸ਼ਾਮ 7:30 ਤੋਂ ਰਾਤ 9:30 ਵਜੇ ਤੱਕ ਮਹਾਨ ਕਵੀ ਦਰਬਾਰ ਹੋਵੇਗਾ, ਜਿਸ ਵਿਚ ਪੰਥ ਪ੍ਰਸਿੱਧ ਕਵੀ ਗੁਰੂ ਸਾਹਿਬ ਦੀ ਮਹਿਮਾ ਕਵਿਤਾ ਰਾਹੀਂ ਗਾਇਨ ਕਰਨਗੇ | 4 ਜਨਵਰੀ ਦਿਨ ਐਤਵਾਰ ਨੂੰ ਰਾਤ ਕਥਾ ਅਤੇ ਢਾਡੀ ਦਰਬਾਰ ਹੋਵੇਗਾ, ਜਿਸ ਵਿਚ ਗਿਆਨੀ ਬਚਿੱਤਰ ਸਿੰਘ 7:45 ਤੋਂ 8:30 ਵਜੇ ਤੱਕ ਗੁਰਮਤਿ ਵਿਚਾਰ ਕਰਨਗੇ ਅਤੇ ਢਾਡੀ ਗਿਆਨੀ ਬਲਬੀਰ ਸਿੰਘ ਪਾਰਸ ਇੰਟਰਨੈਸ਼ਨਲ ਗੋਲਡ ਮੈਡਲਿਸਟ ਰਾਤ 8:30 ਤੋਂ 10 ਵਜੇ ਤੱਕ ਢਾਡੀ ਵਾਰਾਂ ਪੇਸ਼ ਕਰਨਗੇ | ਉਨ੍ਹਾਂ ਦੱਸਿਆ ਕਿ 5 ਜਨਵਰੀ ਦਿਨ ਸੋਮਵਾਰ ਨੂੰ ਅੰਮਿ੍ਤ ਵੇਲੇ 4:30 ਤੋਂ ਦੁਪਹਿਰ 3 ਤੱਕ ਹੋ ਰਹੇ ਸਮਾਗਮਾਂ 'ਚ ਇਸਤਰੀ ਸਤਿਸੰਗ ਸਭਾ, ਚੋਪਈ ਸਾਹਿਬ ਸੇਵਾ ਸੁਸਾਇਟੀ, ਇਸਤਰੀ ਸਤਿਸੰਗ ਸਭਾ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾਦ ਦੇ ਬੱਚੇ, ਭਾਈ ਵਰਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੁਖਜਿੰਦਰ ਸਿੰਘ ਬਾਬਾ ਬਕਾਲਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੁਖਵੰਤ ਸਿੰਘ ਸਹੂਰ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕੀਰਤਨ ਦੀ ਹਾਜ਼ਰੀ ਭਰਨਗੇ | ਇਸੇ ਦਿਨ ਦੁਪਹਿਰ 1.00 ਵਜੇ ਅੰਮਿ੍ਤ ਸੰਚਾਰ ਸਮਾਗਮ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸੇ ਦਿਨ ਸ਼ਾਮ 5:30 ਤੋਂ ਰਾਤ 10 ਵਜੇ ਤੱਕ ਵਿਸ਼ੇਸ਼ ਸਮਾਗਮ ਹੋਣਗੇ, ਜਿਨ੍ਹਾਂ ਵਿਚ ਗੁਰਮਤਿ ਇਸਤਰੀ ਸਤਿਸੰਗ ਸਭਾ ਬਲਾਕ ਏ ਰਾਤ 6:45 ਤੋਂ 7:45 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਨਗੇ, ਗਿਆਨੀ ਬਚਿੱਤਰ ਸਿੰਘ 7:45 ਤੋਂ 8:30 ਵਜੇ ਤੱਕ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ, ਭਾਈ ਭੁਪਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਰਾਤ 8:30 ਤੋਂ 9:30 ਵਜੇ ਤੱਕ ਅਤੇ ਭਾਈ ਸੁਖਵੰਤ ਸਿੰਘ ਸਹੂਰ ਰਾਤ 9:30 ਤੋਂ 10:30 ਵਜੇ ਤੱਕ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ |