ਚੰਡੀਗੜ੍ਹ, 5 ਸਤੰਬਰ (ਕਪਿਲ ਵਧਵਾ)- ਪੰਜਾਬ ਯੂਨੀਵਰਸਿਟੀ ਵਿਖੇ ਮੁੰਡਿਆਂ ਦੇ ਹੋਸਟਲ ਨੇੜੇ ਹਿੰਸਕ ਝੜਪਾਂ ਦੀ ਇਕ ਲੜੀ ਦੇ ਕਾਰਨ ਪੁਲਿਸ ਅਧਿਕਾਰੀਆਂ ਨੇ ਥਾਣਾ ਸੈਕਟਰ-11 ਵਿਚ ਤਿੰਨ ਅਪਰਾਧਿਕ ਮਾਮਲੇ ਦਰਜ ਕੀਤੇ ਹਨ | ਜਿੰਨਾ ਮਾਮਲਿਆਂ ਵਿਚ ਇਕ ਇਕ ਦਰਜਨ ਦੇ ਕਰੀਬ ਨੌਜਵਾਨ ਨਾਮਜ਼ਦ ਕੀਤੇ ਗਏ ਹਨ | ਪਹਿਲੇ ਮਾਮਲੇ ਵਿਚ, ਜਲਾਲਾਬਾਦ ਦੇ ਰਹਿਣ ਵਾਲੇ ਵਿਦਿਆਰਥੀ ਆਕਾਸ਼ਦੀਪ (25) ਨੇ ਦੋਸ਼ ਲਗਾਇਆ ਹੈ ਕਿ 3 ਸਤੰਬਰ ਨੂੰ ਹਰਕੀਰਤ ਸਿੰਘ, ਸੰਨੀ ਰਾਣਾ, ਹੈਰੀ ਬਾਠ, ਦਮਨ, ਹਰਮਨਪ੍ਰੀਤ, ਸ਼ਿਵਜੋਤ ਅਤੇ ਹੋਰ ਸਾਥੀਆਂ ਨੇ ਉਸ ਨਾਲ ਕੁੱਟ-ਮਾਰ ਕੀਤੀ | ਇਸ ਮਾਮਲੇ ਸਬੰਧੀ ਪੁਲਿਸ ਨੇ ਬੀ. ਐਨ. ਐੱਸ. ਦੀ ਧਾਰਾ 126(2), 115(2), 191(2), 351(2) ਤਹਿਤ ਐੱਫ. ਆਈ. ਆਰ ਦਰਜ ਕੀਤੀ ਹੈ | ਦੂਜੀ ਘਟਨਾ ਵਿਚ, ਮੁਹਾਲੀ ਦੇ ਪ੍ਰਭਵਿੰਦਰ ਸਿੰਘ (23) ਨੇ ਸ਼ਿਕਾਇਤ ਦਿੱਤੀ ਕਿ 4 ਸਤੰਬਰ ਦੀ ਰਾਤ, ਉਸ ਉੱਤੇ ਜਰਮਨ, ਰਾਜਵੀਰ ਪਰਮ, ਪੁਸ਼ਪਿੰਦਰ ਅਤੇ ਕੁਲਵਿੰਦਰ ਕਿੰਦੀ ਨੇ ਇੱਟਾਂ, ਬੱਲੇ ਅਤੇ ਡੰਡਿਆਂ ਨਾਲ ਹਮਲਾ ਕੀਤਾ, ਜਿਸ ਦੌਰਾਨ ਹਮਲਾਵਰਾਂ ਨੇ ਉਸ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ | ਇਸ ਮਾਮਲੇ ਸਬੰਧੀ ਪੁਲਿਸ ਨੇ ਬੀ. ਐਨ. ਐੱਸ. ਦੀ ਧਾਰਾ 126(2), 115(2), 191(2), 190, 324(4) ਤਹਿਤ ਐੱਫ. ਆਈ. ਆਰ. ਕਲਮਬੰਦ ਕੀਤੀ ਹੈ | ਤੀਜਾ ਮਾਮਲਾ ਮੁਹਾਲੀ ਦੇ ਵਸਨੀਕ ਦਮਨਪ੍ਰੀਤ ਸਿੰਘ (21) ਤੇ ਦਰਜ ਕੀਤਾ ਗਿਆ ਹੈ | ਜਿਸ ਵਿਚ ਉਸ ਵਲੋਂ ਦੋਸ਼ ਲਗਾਇਆ ਗਿਆ ਕਿ ਉਸ ਅਤੇ ਉਸ ਦੇ ਭਰਾ ਉੱਤੇ ਵੀਰਵਾਰ ਨੂੰ ਅਰਸ਼ ਕੰਬੋਜ, ਆਕਾਸ਼ਦੀਪ, ਜਰਮਨ, ਰੋਹਿਤ ਅਤੇ ਇਕ ਹੋਰ ਵਿਅਕਤੀ ਨੇ ਹਮਲਾ ਕੀਤਾ ਸੀ | ਇਸ ਮਾਮਲੇ ਵਿਚ ਪੁਲਿਸ ਨੇ ਬੀ. ਐਨ. ਐੱਸ. ਦੀ ਧਾਰਾ 126(2), 115(2), 191(2), 190, 351(2) ਤਹਿਤ ਮਾਮਲਾ ਦਰਜ ਕੀਤਾ ਹੈ | ਇਹਨਾਂ ਮਾਮਲਿਆਂ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਉਦੈਪਾਲ ਨੇ ਦੱਸਿਆ ਕਿ ਜਦੋਂ ਹੀ ਪੁਲਿਸ ਨੂੰ ਲੜਾਈ-ਝਗੜੇ ਬਾਰੇ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਪੁਲਿਸ ਫੋਰਸ ਭੇਜੀ ਸੀ ਅਤੇ ਸ਼ਿਕਾਇਤ ਕਰਤਾਵਾਂ ਦੇ ਬਿਆਨਾਂ ਤੇ ਬਣਦੀ ਕਰਵਾਈ ਅਮਲ ਵਿਚ ਲਿਆਂਦੀ ਗਈ | ਉਨ੍ਹਾਂ ਕਿਹਾ ਕਿ ਇਹ ਲੜਾਈਆਂ ਹੋਸਟਲ ਨੰਬਰ ਸੱਤ ਦੇ ਨਜ਼ਦੀਕ ਹੋਈਆਂ ਹਨ ਅਤੇ ਸ਼ੁਰੂਆਤੀ ਪੁਲਿਸ ਜਾਂਚ ਵਿਚ ਹੀ ਸਾਹਮਣੇ ਆਇਆ ਹੈ ਕਿ ਉਕਤ ਸਾਰੇ ਨੌਜਵਾਨ ਸ਼ਾਮ ਵਾਲੇ ਬੈਚ ਦੇ ਵਿਦਿਆਰਥੀ ਹਨ ਜੋ ਕਿ ਵੱਖ-ਵੱਖ ਵਿਦਿਆਰਥੀ ਸੰਗਠਨਾਂ ਨਾਲ ਸਬੰਧ ਰੱਖਦੇ ਹਨ | ਉਨ੍ਹਾਂ ਦੱਸਿਆ ਕਿ ਇਹਨਾਂ ਵਿਚੋਂ ਜ਼ਿਆਦਾਤਰ ਨੌਜਵਾਨ ਹੋਸਟਲ ਵਿਚ ਵੀ ਨਹੀਂ ਰਹਿੰਦੇ ਹਨ ਅਤੇ ਲੜਾਈ ਮੌਕੇ ਕੁਵੇਲਾ ਹੋਣ ਕਾਰਨ ਉਨ੍ਹਾਂ ਨੂੰ ਯੂਨੀਵਰਸਿਟੀ ਕੈਂਪਸ ਵਿਚ ਮੌਜੂਦ ਹੀ ਨਹੀਂ ਹੋਣਾ ਚਾਹੀਦਾ ਸੀ | ਅਧਿਕਾਰੀਆਂ ਵਲੋਂ ਇਨ੍ਹਾਂ ਲੜਾਈ ਝਗੜਿਆਂ ਵਿਚ ਜ਼ਖਮੀ ਹੋਏ ਨੌਜਵਾਨਾਂ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ | ਇਹਨਾਂ ਤਿੰਨਾਂ ਮਾਮਲਿਆਂ ਦੀ ਜਾਂਚ ਜਾਰੀ ਹੈ ਤੇ ਪੁਲਿਸ ਅਧਿਕਾਰੀਆਂ ਵਲੋਂ ਕਿਸੇ ਵੀ ਨੌਜਵਾਨ ਦੀ ਗਿ੍ਫਤਾਰੀ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ | ਇਸ ਤੋਂ ਇਲਾਵਾ ਜਦੋਂ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਉਕਤ ਮਾਮਲੇ ਸਬੰਧੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਲੋਂ ਫੋਨ ਨਾ ਚੁੱਕੇ ਜਾਣ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਉਹ ਯੂਨੀਵਰਸਿਟੀ ਕੈਂਪਸ ਵਿਖੇ ਅਨੁਸ਼ਾਸਨ ਕਾਇਮ ਕਰਨ ਵਿਚ ਆਪਣੀ ਅਸਫ਼ਲਤਾ ਨੂੰ ਛੁਪਾ ਰਹੇ ਹਨ |