ਚੰਡੀਗੜ੍ਹ, 5 ਸਤੰਬਰ (ਮਾਰਕੰਡਾ)-ਪੰਜਾਬ ਰਾਜ ਭਵਨ ਚੰਡੀਗੜ੍ਹ ਦੇ ਸ਼੍ਰੀ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਇੱਕ ਸਿਹਤ ਜਾਂਚ ਅਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੀਤਾ | ਇਹ ਕੈਂਪ ਰਾਜ ਭਵਨ ਕਰਮਚਾਰੀ ਸੱਭਿਆਚਾਰਕ ਅਤੇ ਖੇਡ ਐਸੋਸੀਏਸ਼ਨ ਦੁਆਰਾ ਫੋਰਟਿਸ ਹਸਪਤਾਲ, ਜੀ.ਐਮ.ਐਸ.ਐਚ-16, ਗਰੇਵਾਲ ਆਈ ਹਸਪਤਾਲ, ਡਬਲਯੂ.ਸੀ.ਸੀ.ਡਬਲਯੂ ਐਫ ਚੈਰੀਟੇਬਲ ਹਸਪਤਾਲ ਅਤੇ ਰੈੱਡ ਕਰਾਸ ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਬੋਲਦਿਆਂ ਰਾਜਪਾਲ ਕਟਾਰੀਆ ਨੇ ਰੋਕਥਾਮ ਸਿਹਤ ਸੰਭਾਲ ਅਤੇ ਭਾਈਚਾਰਕ ਸੇਵਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਐਸੋਸੀਏਸ਼ਨ ਅਤੇ ਭਾਈਵਾਲ ਸੰਸਥਾਵਾਂ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਜਾਗਰੂਕਤਾ ਪੈਦਾ ਕਰਨ ਅਤੇ ਡਾਕਟਰੀ ਪਹੁੰਚ ਨੂੰ ਯਕੀਨੀ ਬਣਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ | ਕੈਂਪ ਵਿਚ ਜਨਰਲ ਮੈਡੀਸਨ 60 ਮਰੀਜ਼, ਨਿਊਰੋਲੋਜੀ 40, ਕਾਰਡੀਓਲੋਜੀ 35, ਆਰਥੋਪੈਡਿਕਸ 45, ਫਿਜ਼ੀਓਥਰੇਪੀ 35, ਬੀਪੀ, ਸ਼ੂਗਰ, ਈਸੀਜੀ ਟੈਸਟਿੰਗ 175, ਅੱਖਾਂ ਦੀ ਜਾਂਚ 125, ਦੰਦਾਂ ਦੀ ਜਾਂਚ 65, ਐਕਿਊਪ੍ਰੈਸ਼ਰ ਥੈਰੇਪੀ 57 ਅਤੇ 35 ਸਵੈ-ਇੱਛਤ ਖੂਨਦਾਨੀਆਂ ਨੇ ਹਿੱਸਾ ਲਿਆ | ਇਸ ਮੌਕੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਰੈੱਡ ਕਰਾਸ ਪੰਜਾਬ ਦੇ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ, ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਸੁਮਨ ਸਿੰਘ, ਭੀਮ ਸੈਨ ਗਰਗ (ਪ੍ਰਧਾਨ), ਕੇਹਰ ਸਿੰਘ (ਉਪ ਪ੍ਰਧਾਨ) ਅਤੇ ਕਮਲਜੀਤ ਸਿੰਘ (ਜਨਰਲ ਸਕੱਤਰ) ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਮੈਂਬਰਾਂ ਦੀ ਸਰਗਰਮ ਸ਼ਮੂਲੀਅਤ ਦੇਖੀ ਗਈ |