ਚੰਡੀਗੜ੍ਹ, 6 ਸਤੰਬਰ (ਅਜੀਤ ਬਿਊਰੋ)- ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਪੰਜਾਬ ਸੜਕਾਂ ਅਤੇ ਪੁਲ ਵਿਕਾਸ ਬੋਰਡ ਮੋਹਾਲੀ ਵਿਖੇ ਹਾਲ ਵਿਚ ਆਏ ਹੜ੍ਹਾਂ ਨਾਲ ਨੁਕਸਾਨੇ ਗਏ ਬੁਨਿਆਦੀ ਢਾਂਚੇ- ਸੜਕਾਂ, ਪੁਲਾਂ ਅਤੇ ਜਨਤਕ ਇਮਾਰਤਾਂ ਦੀ ਉੱਚ ਪੱਧਰੀ ਮੀਟਿੰਗ ਵਿਚ ਸਮੀਖਿਆ ਕੀਤੀ | ਇਸ ਸਮੀਖਿਆ ਮੀਟਿੰਗ ਦੌਰਾਨ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਹੁਣ ਤੱਕ ਦੇ ਅੰਦਾਜ਼ੇ ਮੁਤਾਬਿਕ ਹੋਏ ਨੁਕਸਾਨ ਅਤੇ ਤੁਰੰਤ ਮੁਰੰਮਤ ਕਰਨ ਲਈ ਲੋੜੀਂਦੇ ਫ਼ੰਡ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਹੁਕਮ ਕੀਤੇ ਕਿ ਨੁਕਸਾਨੇ ਗਏ ਰਸਤਿਆਂ, ਖਾਸ ਤੌਰ ਤੇ ਪੇਂਡੂ ਹਲਕਿਆਂ,ਵਿਚ ਫ਼ੌਰੀ ਤੌਰ ਤੇ ਰਿਪੇਅਰ ਕਰਕੇ ਸੰਪਰਕ ਬਹਾਲ ਕੀਤਾ ਜਾਵੇ ਤਾਂ ਜੋ ਰਾਹਤ ਕੰਮਾਂ ਵਿਚ ਹੋਰ ਤੇਜ਼ੀ ਲਿਆਂਦੀ ਜਾ ਸਕੇ | ਉਨ੍ਹਾਂ ਹਦਾਇਤ ਕੀਤੀ ਕਿ ਜਿੱਥੇ ਹੜ੍ਹ ਦੇ ਪਾਣੀ ਨਾਲ ਵਾਸ਼- ਆਉਟ ਹੋਇਆ ਹੈ ਉਥੇ ਮੌਕੇ ਦੀ ਸਥਿਤੀ ਅਨੁਸਾਰ ਪਾਣੀ ਦੀ ਨਿਕਾਸੀ ਲਈ ਕਾਜ਼ਵੇ, ਪਾਈਪ ਜਾਂ ਬਾਕਸ ਕਲਵਰਟ ਉਸਾਰਨ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ | ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੂਰੀ ਤਨਦੇਹੀ ਇਮਾਨਦਾਰੀ ਨਾਲ ਨਾਲ ਇਸ ਅÏਖੀ ਘੜੀ ਵਿਚ ਵਧ- ਚੜ ਕੇ ਡਿਊਟੀ ਨਿਭਾਉਣ ਦੀ ਹਦਾਇਤ ਕੀਤੀ | ਮੀਟਿੰਗ ਵਿਚ ਲੋਕ ਨਿਰਮਾਣ ਵਿਭਾਗ ਦੇ ਸੰਯੁਕਤ ਸਕੱਤਰ ਅਮਰਬੀਰ ਸਿੱਧੂ,ਇੰਜੀਨੀਅਰ ਇਨ ਚੀਫ਼ ਗਗਨਦੀਪ ਸਿੰਘ, ਸਾਰੇ ਮੁੱਖ ਇੰਜੀਨੀਅਰ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ | ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵਲੋਂ ਹੜ੍ਹਾਂ ਕਾਰਨ ਹੋਏ ਹੋਏ ਨੁਕਸਾਨ ਦੇ ਮੱਦੇਨਜ਼ਰ ਮੁੱਖ ਮੰਤਰੀ ਰਾਹਤ ਕੋਸ਼ ਵਿਚ 1 ਦਿਨ ਦੀ ਤਨਖ਼ਾਹ ਦੇਣ ਦਾ ਵੀ ਫੈਸਲਾ ਕੀਤਾ |