ਐੱਸ. ਏ. ਐੱਸ. ਨਗਰ, 6 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਪੁਲਿਸ ਵਲੋਂ ਬੀਤੇ ਦਿਨ ਸੋਹਾਣਾ ਵਿਖੇ ਹੋਏ ਕਤਲ ਦੇ ਮਾਮਲੇ ਵਿਚ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਸੋਹਾਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਵਲੋਂ ਇਸ ਮਾਮਲੇ ਵਿਚ ਹਰਨੂਰ ਸਿੰਘ ਉਰਫ਼ ਨੂਰ ਅਤੇ ਧਰਮਪ੍ਰੀਤ ਸਿੰਘ ਉਰਫ਼ ਪ੍ਰੀਤ (ਵਾਸੀ ਸੈਕਟਰ-70 ਮੁਹਾਲੀ) ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹ ਾਂ ਦੱਸਿਆ ਕਿ ਹਮਲਾਵਰਾਂ ਨੇ 4 ਸਤੰਬਰ ਦੀ ਰਾਤ ਨੂੰ ਤਰਨਦੀਪ ਸਿੰਘ ਨੇੜੇ ਡੇਰਾ ਸਾਹਿਬ ਗੁਰਦੁਆਰਾ ਪਿੰਡ ਸੋਹਾਣਾ, ਉਸ ਦੇ ਭਰਾ ਅਤੇ ਪਿਤਾ 'ਤੇ ਹਮਲਾ ਕਰ ਦਿੱਤਾ ਸੀ ਅਤੇ ਇਸ ਦੌਰਾਨ ਹਮਲਾਵਰਾਂ ਤੋਂ ਬਚਾਅ ਲਈ ਅੱਗੇ ਆਏ ਤਰਨਦੀਪ ਦੇ ਚਾਚੇ ਕਮਲਜੀਤ ਸਿੰਘ ਨੂੰ ਵੀ ਜ਼ਖ਼ਮੀ ਕਰ ਦਿੱਤਾ ਸੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ ਸਨ | ਇਸ ਹਮਲੇ ਵਿਚ ਤਰਨਦੀਪ ਦੇ ਪਿਤਾ ਪਰਮਜੀਤ ਸਿੰਘ ਦੀ ਮੌਤ ਹੋ ਗਈ ਸੀ | ਇਸ ਸੰਬੰਧੀ ਪੁਲਿਸ ਵਲੋਂ ਬੀਤੇ ਦਿਨ ਤਰਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬੀ. ਐਨ. ਐੱਸ. ਦੀ ਧਾਰਾ 103, 351 (2), 3 (5), 324 (4) ਤਹਿਤ ਥਾਣਾ ਸੋਹਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਸੂਚਨਾ ਮਿਲਣ 'ਤੇ ਹਮਲਾਵਰ ਨੂੰ ਟਰੇਸ ਕਰਨ ਲਈ ਪੂਰੇ ਜ਼ਿਲੇ੍ਹ ਨੂੰ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਵੱਖ-ਵੱਖ ਟੀਮਾਂ ਬਣਾ ਕੇ ਸੀ. ਸੀ. ਟੀ. ਵੀ. ਫੁਟੇਜ਼ ਚੈੱਕ ਕਰਵਾਈਆਂ ਗਈਆਂ ਸਨ, ਜਿਨ੍ਹਾਂ ਦੇ ਆਧਾਰ 2 ਕਥਿਤ ਮੁਲਜ਼ਮਾਂ ਹਰਨੂਰ ਸਿੰਘ ਤੇ ਧਰਮਪ੍ਰੀਤ ਸਿੰਘ ਵਾਸੀ ਸੈਕਟਰ-70 ਮੁਹਾਲੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ |