ਡੇਰਾਬੱਸੀ, 6 ਸਤੰਬਰ (ਰਣਬੀਰ ਸਿੰਘ ਪੜ੍ਹੀ)-ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਪਿੰਡ ਭਾਂਖਰਪੁਰ ਵਿਖੇ ਬਣ ਰਹੇ ਅੰਡਰ ਪਾਸ ਨੇ ਰਾਹਗੀਰਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ | ਇਸ ਅਧੂਰੇ ਅੰਡਰ ਪਾਸ ਕਾਰਨ ਸੜਕਾਂ ਤੇ ਪਏ ਖੱਡਿਆਂ ਨਾਲ ਤੇ ਮਈ ਗਤੀ ਨਾਲ ਚੱਲ ਰਹੀ ਟ੍ਰੈਫਿਕ ਕਾਰਨ ਪਿੰਡ ਭਾਂਖਰਪੁਰ ਤੋਂ ਲੈ ਕੇ ਡੇਰਾਬੱਸੀ ਤੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਮ ਲੱਗਾ ਰਹਿੰਦਾ, ਜਿਸ ਕਾਰਨ ਇਥੇ ਹੰਗਾਮੀ ਹਾਲਤ 'ਚ ਜਾਣ ਵਾਲੇ ਅਤੇ ਹੋਰ ਸੇਵਾਵਾਂ ਦੇਣ ਵਾਲੇ ਵਾਹਨ ਫਸ ਜਾਂਦੇ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵਲੋਂ ਕੀਤੇ ਜਾ ਰਹੇ ਢਿੱਲੇ ਕਾਰਜ ਕਾਰਨ ਡੇਰਾਬੱਸੀ ਅਤੇ ਪਿੰਡ ਭਾਂਖਰਪੁਰ ਦੇ ਲੋਕਾਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵਲੋਂ ਇਥੇ ਵੇਲੇ ਸਿਰ ਕੰਮ ਨਹੀਂ ਮੁਕੰਮਲ ਕਰਵਾਇਆ ਗਿਆ ਤਾਂ ਉਹ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰਨਗੇ | ਜਾਣਕਾਰੀ ਮੁਤਾਬਕ ਇਹ ਹਾਲਾਤ ਪਿਛਲੇ ਕਈ ਮਹੀਨਿਆਂ ਤੋਂ ਗੰਭੀਰ ਹੁੰਦੇ ਜਾ ਰਹੇ ਹਨ | ਸਮੱਸਿਆ ਉਹ ਵੇਲੇ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਦੋਂ ਕੋਈ ਵਾਹਨ ਸੜਕ 'ਤੇ ਖ਼ਰਾਬ ਹੋ ਜਾਂਦਾ ਹੈ | ਇਨ੍ਹਾਂ ਹਾਲਾਤਾਂ ਤੋਂ ਛੁਟਕਾਰਾ ਮਿਲਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਕਿਉਂਕਿ ਇਥੇ ਬਣ ਰਿਹੇ ਅੰਡਰ-ਪਾਸ ਦੇ ਨਿਰਮਾਣ ਕਾਰਜ ਵੀ ਬਹੁਤ ਜਿਆਦਾ ਹੌਲੀ ਰਫ਼ਤਾਰ ਨਾਲ ਚੱਲ ਰਹੇ ਹਨ | ਨਵੰਬਰ 2023 'ਚ ਸ਼ੁਰੂ ਹੋਇਆ ਇਹ ਕੰਮ ਹਾਲੇ ਤੱਕ ਅੱਧਾ ਵੀ ਮੁਕੰਮਲ ਨਹੀਂ ਹੋਇਆ ਤੇ ਮੌਨਸੂਨ ਕਾਰਨ ਹੁਣ ਕੰਮ ਹੋਰ ਰੁਕ ਗਿਆ ਹੈ |