ਜ਼ੀਰਕਪੁਰ, 31 ਅਕਤੂਬਰ (ਮਨਿੰਦਰ ਸਿੰਘ)-ਰੀਅਲ ਅਸਟੇਟ ਕਾਰੋਬਾਰੀ ਨਾਲ 12 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਜ਼ੀਰਕਪੁਰ ਪੁਲਿਸ ਨੇ ਦਿੱਲੀ ਤੇ ਨੋਇਡਾ ਤੋਂ ਦੋ ਹੋਰ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਮਾਮਲੇ ਵਿਚ ਮੁੱਖ ਮੁਲਜ਼ਮ ਮੋਹਿਤ ਗੋਗੀਆ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਹੁਣ ਇਸ ਮਾਮਲੇ ਵਿਚ ਸਿਰਫ਼ ਮੁੱਖ ਮੁਲਜ਼ਮ ਦੀ ਪਤਨੀ ਦੀ ਗਿ੍ਫ਼ਤਾਰੀ ਬਾਕੀ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਭਿਨਵ ਪਾਠਕ ਵਾਸੀ ਪੂਰਬੀ ਪਟੇਲ ਨਗਰ ਦਿੱਲੀ ਅਤੇ ਭਾਰਤ ਛਾਬੜਾ ਵਾਸੀ ਗੁੜਗਾਓਾ ਵਜੋਂ ਹੋਈ ਹੈ | ਜ਼ਿਕਰਯੋਗ ਹੈ ਕਿ ਉਕਤ ਮੁਲਜ਼ਮਾਂ ਦੇ ਖ਼ਿਲਾਫ਼ 12 ਜੂਨ 2025 ਨੂੰ ਗਲੋਬਲ ਪ੍ਰਾਈਵੇਟ ਲਿਮਟਿਡ ਦੇ ਹੋਮਲੈਂਡ ਰੀਗਾਲੀਆ ਸੋਹਾਣਾ ਗਰੁੱਪ ਹਾਊਸਿੰਗ ਸਾਈਟ ਦੇ ਡਾਇਰੈਕਟਰ ਅਭੈ ਜਿੰਦਲ ਦੇ ਬਿਆਨ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਬੀਤੇ ਦਿਨੀਂ ਸੂਚਨਾ ਮਿਲਣ 'ਤੇ ਦੋਸ਼ੀ ਅਭਿਨਵ ਨੂੰ ਦਿੱਲੀ ਤੇ ਭਾਰਤ ਛਾਬੜਾ ਨੂੰ ਨੋਇਡਾ ਤੋਂ ਗਿ੍ਫ਼ਤਾਰ ਕੀਤਾ ਗਿਆ | ਮੁਲਜ਼ਮਾਂ ਨੂੰ ਡੇਰਾਬੱਸੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਅਭੈ ਜਿੰਦਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਅਗਸਤ 2024 ਵਿਚ ਅਭਿਨਵ ਪਾਠਕ ਨਾਮਕ ਇਕ ਵਿਅਕਤੀ ਨਵੀਂ ਦਿੱਲੀ ਦੇ ਪੂਰਬੀ ਪਟੇਲ ਨਗਰ ਵਿਚ ਸਥਿਤ ਮੈਸਰਜ਼ ਐੱਮ. ਜੀ. ਲੀਜ਼ਿੰਗ ਐਂਡ ਫਾਈਨਾਂਸ ਕੰਪਨੀ ਰਾਹੀਂ ਉਨ੍ਹਾਂ ਦੇ ਦਫ਼ਤਰ ਆਇਆ ਸੀ | ਪਾਠਕ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਬੈਂਕਾਂ ਦੁਆਰਾ ਜ਼ਬਤ ਕੀਤੀ ਗਈ ਜਾਇਦਾਦ ਨੂੰ ਵਾਜਬ ਕੀਮਤਾਂ 'ਤੇ ਦੁਬਾਰਾ ਵੇਚਣ ਦਾ ਕੰਮ ਕਰਦੀ ਹੈ ਅਤੇ ਪਾਠਕ ਦੇ ਕਹਿਣ 'ਤੇ ਉਸ ਨੇ ਕੰਪਨੀ ਦੇ ਮਾਲਕਾਂ ਮੋਹਿਤ ਗੋਗੀਆ ਤੇ ਸ਼ਵੇਤਾ ਗੋਗੀਆ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਕੁਝ ਦਿਨਾਂ ਬਾਅਦ ਮੋਹਿਤ ਗੋਗੀਆ, ਸ਼ਵੇਤਾ ਗੋਗੀਆ, ਅਭਿਨਵ ਪਾਠਕ ਤੇ ਭਾਰਤ ਛਾਬੜਾ ਇਕ ਮੀਟਿੰਗ ਲਈ ਉਸਦੇ ਦਫ਼ਤਰ ਆਏ | ਇਸ ਦੌਰਾਨ ਉਨ੍ਹਾਂ ਨੇ ਕੁਝ ਜ਼ਮੀਨਾਂ ਦੇਖੀਆਂ ਤੇ ਇਕ ਜ਼ਮੀਨ ਦਾ ਸੌਦਾ ਕੁਝ ਸ਼ਰਤਾਂ ਨਾਲ ਤਹਿ ਹੋਇਆ ਅਤੇ 27 ਸਤੰਬਰ 2024 ਨੂੰ ਅਭੈ ਜਿੰਦਲ ਨੇ ਆਰ. ਟੀ. ਜੀ. ਐੱਸ. ਰਾਹੀਂ 12 ਕਰੋੜ ਰੁਪਏ ਐੱਮ. ਜੀ. ਲੀਜ਼ਿੰਗ ਕੰਪਨੀ ਦੇ ਖਾਤੇ ਵਿਚ ਟ੍ਰਾਂਸਫਰ ਕਰਵਾ ਦਿੱਤੇ ਤੇ 14 ਅਕਤੂਬਰ ਨੂੰ ਭਾਰਤ ਛਾਬੜਾ ਐੱਸ. ਬੀ. ਆਈ. ਬੈਂਕ ਦਾ ਇਕ ਵਿਕਰੀ ਸਰਟੀਫਿਕੇਟ ਲੈ ਕੇ ਉਸ ਦੇ ਦਫ਼ਤਰ ਆਇਆ ਤੇ ਗੋਗੀਆ ਨਾਲ ਫ਼ੋਨ 'ਤੇ ਗੱਲ ਕਰਵਾਈ | 27 ਨਵੰਬਰ ਨੂੰ ਉਸ ਨੂੰ ਪਤਾ ਲੱਗਾ ਕਿ ਗੋਗੀਆ ਦੇ ਘਰ ਆਮਦਨ ਕਰ ਵਿਭਾਗ ਦਾ ਛਾਪਾ ਪੈ ਗਿਆ ਹੈ ਤੇ ਦੋਵਾਂ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਐਲ. ਓ. ਸੀ. ਜਾਰੀ ਕੀਤਾ ਗਿਆ ਹੈ | ਸ਼ੱਕ ਹੋਣ 'ਤੇ ਉਹ ਵਿਕਰੀ ਸਰਟੀਫਿਕੇਟ ਦੀ ਜਾਂਚ ਕਰਨ ਲਈ ਐੱਸ. ਬੀ. ਆਈ. ਬੈਂਕ ਗਏ ਤਾਂ ਪਤਾ ਲੱਗਿਆ ਕਿ ਇਹ ਜਾਅਲੀ ਹੈ | ਇਸ ਤੋਂ ਬਾਅਦ ਉਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਵਾਇਆ |