ਚੰਡੀਗੜ੍ਹ, 1 ਨਵੰਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਨੂੰ ਪਹਿਲੀ ਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਲਗਾਤਾਰ ਯਤਨਸ਼ੀਲ ਚੰਡੀਗੜ੍ਹ ਪੰਜਾਬੀ ਮੰਚ ਵਲੋਂ ਪੇਡੂ ਸੰਘਰਸ਼ ਕਮੇਟੀ, ਕੇਂਦਰੀ ਪੰਜਾਬੀ ਲੇਖ ਸਭਾ ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ, ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਟਰੇਡ ਯੂਨੀਅਨਾਂ ਤੇ ਨੌਜਵਾਨ ਸਭਾਵਾਂ ਦੇ ਸਹਿਯੋਗ ਨਾਲ ਅੱਜ ਇਕ ਨਵੰਬਰ ਨੂੰ ਚੰਡੀਗੜ੍ਹ ਦੇ ਸਥਾਪਨਾ ਦਿਵਸ ਵਾਲੇ ਦਿਨ ਨੂੰ 'ਕਾਲੇ ਦਿਵਸ' ਦੇ ਰੂਪ 'ਚ ਮਨਾਇਆ ਗਿਆ | ਇਸ ਦੇ ਚੱਲਦਿਆਂ ਪੰਜਾਬੀਆਂ ਹਿਤੈਸ਼ੀਆਂ ਨੇ ਸੈਕਟਰ 30 ਤੋਂ ਲੈ ਕੇ ਸੈਕਟਰ-22 ਤੱਕ ਦੀਆਂ ਸੜਕਾਂ 'ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ | ਉੱਥੇ ਰੋਸ ਪ੍ਰਦਰਸ਼ਨ 'ਚ ਪੰਜਾਬੀ ਭਾਸ਼ਾ ਤੇ ਪੰਜਾਬੀ ਮਾਂ ਬੋਲੀ ਦੇ ਹੱਕ 'ਚ ਗੂੰਜਦੇ ਰਹੇ ਨਾਅਰੇ। ਬੁਲਾਰਿਆਂ ਨੇ ਕਿਹਾ ਕਿ ਯੂ.ਟੀ. ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਰਜਾ ਦਿਵਾਉਣ ਲਈ ਮੰਚ ਵੱਲੋਂ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਹਨ। ਵਾਰ-ਵਾਰ ਰੋਸ ਮਾਰਚ ਕੱਢ ਕੇ ਜਾਂ ਧਰਨੇ ਆਦਿ ਦੇ ਕੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਸਮੇਤ ਪੰਜਾਬ ਦੇ ਰਾਜਪਾਲ ਜਿਹੜੇ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਹਨ, ਤੱਕ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਦੀ ਆਵਾਜ਼ ਪਹੁੰਚਾਈ ਜਾਂਦੀ ਹੈ ਪ੍ਰੰਤੂ ਪ੍ਰਸ਼ਾਸਨ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇੱਥੋਂ ਤੱਕ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੰਚ ਵੱਲੋਂ ਸੈਕਟਰ 17 ਵਿਖੇ ਪੁਲ਼ ਹੇਠਾਂ ਧਰਨਾ ਦੇ ਕੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਤੋਂ ਵਾਅਦਾ ਵੀ ਲਿਆ ਗਿਆ ਸੀ ਕਿ ਜਿਹੜੀ ਵੀ ਪਾਰਟੀ ਦਾ ਉਮੀਦਵਾਰ ਚੋਣ ਜਿੱਤੇਗਾ, ਉਹ ਪਾਰਟੀ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਦਰਜਾ ਦਿਵਾਏਗੀ। ਰਾਜਨੀਤਕ ਆਗੂ ਆਪਣਾ ਉਹ ਵਾਅਦਾ ਵੀ ਨਹੀਂ ਨਿਭਾ ਰਹੇ ਜਿਸ ਦਾ ਮੰਚ ਨੂੰ ਬੇਹੱਦ ਅਫ਼ਸੋਸ ਵੀ ਹੈ। ਇਸੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ 1 ਨਵੰਬਰ 1966 ਤੋਂ ਪਹਿਲਾਂ ਚੰਡੀਗੜ੍ਹ ਵਿਚ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਪੰਜਾਬੀ ਸੀ ਪ੍ਰੰਤੂ 1 ਨਵੰਬਰ ਤੋਂ ਇੱਥੇ ਅੰਗਰੇਜ਼ੀ ਭਾਸ਼ਾ ਥੋਪ ਦਿੱਤੀ ਗਈ। ਚੰਡੀਗੜ੍ਹ ਪ੍ਰਸ਼ਾਸਨ ਦੇ ਪੰਜਾਬੀ ਭਾਸ਼ਾ ਪ੍ਰਤੀ ਇਸ ਅੜੀਅਲ ਰਵੱਈਏ ਨੂੰ ਖ਼ਤਮ ਕਰਨ ਵਾਸਤੇ ਮੰਚ ਵੱਲੋਂ ਆਪਣੇ ਸੰਘਰਸ਼ ਨੂੰ ਲਗਾਤਾਰ ਅੱਗੇ ਤੋਰਿਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਅੱਜ 1 ਨਵੰਬਰ ਨੂੰ ਕਾਲੇ ਦਿਵਸ ਦੇ ਰੂਪ ਵਿਚ ਮਨਾਉਂਦਿਆਂ ਪੈਦਲ ਰੋਸ ਮਾਰਚ ਕੱਢਿਆ ਗਿਆ। ਆਗੂਆਂ ਨੇ ਇਹ ਵੀ ਕਿਹਾ ਕਿ ਭਾਸ਼ਾ ਹੀ ਕਿਸੇ ਖ਼ਿੱਤੇ ਦੀ ਅਸਲੀ ਪਹਿਚਾਣ ਹੁੰਦੀ ਹੈ। ਇਸ ਬਾਰੇ 'ਚ ਪੰਜਾਬੀ ਹਿਤੈਸ਼ੀ, ਵਿਦਵਾਨਾਂ, ਬੁੱਧੀਜੀਵੀਆਂ ਤੇ ਰਾਜਨੀਤਿਕ ਆਗੂਆਂ ਨੂੰ ਮਿਲ ਕੇ ਵਿਚਾਰ ਕਰਨੀ ਚਾਹੀਦੀ ਹੈ। ਇਸ ਮੌਕੇ 'ਤੇ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਪ੍ਰਧਾਨ, ਜਨਰਲ ਸਕੱਤਰ ਕਾਮਰੇਡ ਦਿਆਲ ਸ਼ਰਮਾ ਦੀ ਅਗਵਾਈ ਹੇਠ ਕੱਢੇ ਗਏ ਇਸ ਪੈਦਲ ਰੋਸ ਮਾਰਚ ਵਿਚ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਤੋਂ ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਨਗਰ ਨਿਗਮ ਦੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ, ਗੁਰਪ੍ਰੀਤ ਸਿੰਘ ਸੋਮਲ, ਸ਼ਰਨਜੀਤ ਸਿੰਘ ਬੈਦਵਾਨ ਰਾਏਪੁਰ ਕਲਾਂ, ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ ਦੇ ਚੇਅਰਮੈਨ ਤਾਰਾ ਸਿੰਘ, ਸਕੱਤਰ ਜਨਰਲ ਰਘੁਬੀਰ ਸਿੰਘ ਰਾਮਪੁਰ, ਪਰਮਿੰਦਰ ਸਿੰਘ ਧਨਾਸ, ਤਰਕਸ਼ੀਲ ਸੁਸਾਇਟੀ ਤੋਂ ਜੋਗਾ ਸਿੰਘ, ਰਜਿੰਦਰ ਕੌਰ ਸਰਾਂ, ਅਮਿਤੋਜ ਮਾਨ, ਲੱਖਾ ਸਿਧਾਣਾ, ਦੀਪਕ ਸ਼ਰਮਾ ਚਨਾਰਥਲ, ਗੁਰਨਾਮ ਕੰਵਰ, ਜਸਪਾਲ ਸਿੰਘ ਦੇਸ਼ੂਵੀ(ਕੈਨੇਡਾ), ਭੁਪਿੰਦਰ ਮਲਿਕ, ਬੀ.ਆਰ ਰੰਗਾੜਾ, ਪਾਲ ਅਜਨਵੀ, ਮਨਜੀਤ ਕੌਰ ਮੀਤ, ਮੁਲਾਜ਼ਮ ਫੈਡਰੇਸ਼ਨ ਆਗੂ ਰਣਜੀਤ ਸਿੰਘ ਹੰਸ, ਨਾਥ ਸਿੰਘ ਲੰਬੜਦਾਰ, ਗਗਨਦੀਪ(ਸੁਮਿਤਾ ਰਾਣੀ),ਰਮਨਦੀਪ ਰਮਣੀਕ ਸਮੂਹ ਲੇਖਕ ਸਭਾਵਾਂ ਸਮੇਤ ਹੋਰ ਵੱਖ-ਵੱਖ ਸੰਗਠਨਾਂ ਦੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਉੱਥੇ ਛੋਟੇ ਛੋਟੇ ਬੱਚੇ ਵੀ ਹੱਥਾਂ 'ਚ ਪੰਜਾਬੀ ਗੁਰਮੁੱਖੀ ਲਿੱਪੀ ਦੀਆਂ ਫੱਟੀਆਂ ਚੁੱਕ ਕੇ ਪ੍ਰਦਰਸ਼ਨ 'ਚ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਮੰਚ ਵਲੋਂ ਮਾਂ ਬੋਲੀ ਪੰਜਾਬੀ ਦੇ ਮਾਣ ਸਨਮਾਨ ਦੀ ਬਹਾਲੀ ਲਈ ਭਵਿੱਖ ਵਿਚ ਵੀ ਇਸੇ ਤਰ੍ਹਾਂ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਨੂੰ ਪਹਿਲੀ ਤੇ ਪ੍ਰਸ਼ਾਸਕੀ ਦਾ ਦਰਜਾ ਦਿਵਾਉਣ ਲਈ ਚੰਡੀਗੜ੍ਹ ਪੰਜਾਬੀ ਮੰਚ ਨੇ ਕਾਲੇ ਦਿਵਸ ਵਜੋਂ ਮਨਾਇਆ 1 ਨਵੰਬਰ ਦਾ ਦਿਵਸ
ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਸੰਗਠਨ ਦੇ ਆਗੂ ਰੋਸ ਪ੍ਰਦਰਸ਼ਨ ਕਰਦੇ ਹੋਏ | <br/> ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਨੂੰ ਪਹਿਲੀ ਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਚੰਡੀਗੜ੍ਹ ਪੰਜਾਬੀ ਮੰਚ ਵਲੋਂ ਮਨਾਏ ਗਏ 'ਕਾਲੇ ਦਿਵਸ' ਦੌਰਾਨ ਵਿਦਵਾਨ, ਲੇਖਕ ਵੱਖ-ਵੱਖ ਜਥੇਬੰਦੀਆਂ, ਟਰੇਡ ਯੂਨੀਅਨਾਂ | ਤਸਵੀਰ : ਕਮਲਜੀਤ ਸਿੰਘ <br/>
02-11-2025