ਖਰੜ, 21 ਨਵੰਬਰ (ਗੁਰਮੁੱਖ ਸਿੰਘ ਮਾਨ)-ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਖਰੜ ਬਾਰੇ ਉਨ੍ਹਾਂ ਨੂੰ ਅੱਜ ਹੀ ਪਤਾ ਲੱਗਾ ਕਿ ਬਾਰ ਐਸੋਸੀਏਸ਼ਨ ਖਰੜ ਵੀ ਹਲਕੇ ਦੇ ਪਿੰਡਾਂ ਨੂੰ ਜ਼ਿਲ੍ਹਾ ਰੋਪੜ ਨਾਲ ਜੋੜਨ ਦੇ ਵਿਰੋਧ ਵਿਚ ਧਰਨਾ ਦੇ ਰਹੀ ਹੈ | ਇਸ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ, ਉਨ੍ਹਾਂ ਦੀ ਅਗਵਾਈ ਕਰਨਾ ਉਨ੍ਹਾਂ ਦਾ ਫਰਜ਼ 'ਤੇ ਡਿਊਟੀ ਹੈ | ਕੰਗ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਵੀ ਗੱਲ ਕਰਨਗੇ ਕਿ ਜ਼ਿਲ੍ਹਾ ਮੁਹਾਲੀ ਦੇ ਪਿੰਡ, ਤਹਿਸੀਲ ਕਿਸੇ ਹੋਰ ਜ਼ਿਲ੍ਹੇ ਨਾਲ ਲਗਾਏ ਜਾ ਰਹੇ ਹਨ ਕਿ ਇਸ ਲਈ ਕੋਈ ਤਜਵੀਜ਼ ਹੈ | ਉਹ ਅੱਜ ਬਾਰ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਮੁਹਾਲੀ ਦੇ ਪਿੰਡਾਂ, ਸ਼ਹਿਰਾਂ ਨੂੰ ਤੋੜ ਕੇ ਜ਼ਿਲ੍ਹਾ ਰੋਪੜ ਨਾਲ ਜੋੜਨ ਲਈ ਚਲਾਈ ਜਾ ਰਹੀ ਕਾਰਵਾਈ ਦੇ ਵਿਰੋਧ ਵਿਚ ਵਕੀਲਾਂ, ਲੋਕਾਂ ਵਲੋਂ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰ ਰਹੇ ਸਨ | ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕੰਮ ਲੋਕਾਂ ਦੀ ਭਾਵਨਾਵਾਂ ਦੀ ਕਦਰ ਕਰਨਾ ਹੈ ਅਤੇ ਘੱਟੋ ਘੱਟ ਜਵਾਬਦੇਹੀ ਨਾਲ ਕੰਮ ਕੀਤਾ ਜਾਵੇ | ਇਸੇ ਦੌਰਾਨ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਤੇ ਅਕਾਲੀ ਆਗੂ ਸਾਹਿਬ ਸਿੰਘ ਬਡਾਲੀ ਨੇ ਐਮ. ਪੀ. ਨੂੰ ਅਪੀਲ ਕੀਤੀ ਕਿ ਉਹ ਪੱਕਾ ਭਰੋਸਾ ਦੇ ਕੇ ਜਾਣ ਕਿ ਜ਼ਿਲ੍ਹਾ ਮੁਹਾਲੀ ਦਾ ਕੋਈ ਵੀ ਪਿੰਡ ਜ਼ਿਲ੍ਹਾ ਰੋਪੜ ਵਿਚ ਨਹੀਂ ਜੋੜਿਆ ਜਾਵੇਗਾ | ਉਨ੍ਹਾਂ ਮੁੜ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਇਸ ਸੰਬੰਧੀ ਸਰਕਾਰ ਤੋਂ ਪੁਸ਼ਟੀ ਕਰਨ ਬਾਅਦ ਉਹ 22 ਨਵੰਬਰ ਨੂੰ ਬਾਰ ਐਸੋਸੀਏਸ਼ਨ ਖਰੜ ਦੇ ਦਫਤਰ ਵਿਚ ਆਉਣਗੇ ਤੇ ਸਾਰੀ ਸਥਿਤੀ ਸਪਸ਼ੱਟ ਕਰ ਦੇਣਗੇ | ਇਸ ਮੌਕੇ ਬਾਰ ਐਸੋਸੀਏਸ਼ਨ ਖਰੜ ਦੇ ਪ੍ਰਧਾਨ ਦੀਪਕ ਸ਼ਰਮਾ ਨੇ ਕਿਹਾ ਕਿ ਇਹ ਰੋਸ ਧਰਨਾ 5ਵੇਂ ਦਿਨ 'ਚ ਸ਼ਾਮਿਲ ਹੋ ਗਿਆ ਹੈ ਅਤੇ ਇਸ ਧਰਨੇ ਦੇ ਤੀਜੇ ਦਿਨ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਆਏ ਸਨ ਤੇ ਉਹ ਲਿਖ ਕੇ ਦੇ ਗਏ ਕਿ ਉਹ ਘੜੂੰਆਂ ਕਾਨੂੰਨਗੋਈ ਦੇ 36 ਪਿੰਡਾਂ ਨੂੰ ਕਿਸੇ ਹੋਰ ਜ਼ਿਲ੍ਹੇ ਵਿਚ ਸ਼ਾਮਿਲ ਨਹੀਂ ਹੋਣ ਦੇਣਗੇ | ਇਸ ਦੌਰਾਨ ਅਕਾਲੀ ਆਗੂ ਸਾਹਿਬ ਸਿੰਘ ਬਡਾਲੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਖੇਤਰ ਜ਼ਿਲ੍ਹੇ 'ਚੋਂ ਬਾਹਰ ਕੱਢਿਆ ਗਿਆ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਭਾਜਪਾ ਆਗੂ ਸੁਖਵਿੰਦਰ ਸਿੰਘ ਗੋਲਡੀ, ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਭਾਜਪਾ ਸਿਟੀ ਪ੍ਰਧਾਨ ਰਾਕੇਸ਼ ਕੁਮਾਰ ਬੰਟੀ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਸਪਾਲ ਸਿੰਘ ਨਿਆਮੀਆਂ, ਅਵਤਾਰ ਸਿੰਘ, ਲੋਕ ਹਿੱਤ ਮਿਸ਼ਨ ਦੇ ਕਾਰਜਕਾਰੀ ਪ੍ਰਧਾਨ ਗੁਰਮੀਤ ਸਿੰਘ ਸ਼ਾਟੂੰ, ਰਵਿੰਦਰ ਸਿੰਘ ਵਜੀਦਪੁਰ, ਭਗਤ ਸਿੰਘ ਭਗਤਮਾਜਰਾ, ਸੋਹਨ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਖੇੜਾ, ਪ੍ਰਸ਼ੋਤਮ ਸਿੰਘ ਚੰਦਪੁਰ, ਅਵਤਾਰ ਸਿੰਘ ਸਲੇਮਪੁਰ, ਜਸਪਾਲ ਸਿੰਘ ਬਰਸਾਲਪੁਰ, ਤਰਵਿੰਦਰ ਸਿੰਘ ਦੁਸਾਰਨਾ, ਅਮਰ ਸਿੰਘ ਮਹਿਰਾਮਪੁਰ, ਮੇਜਰ ਸਿੰਘ ਢਕੋਰਾਂ, ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ, ਕਿ੍ਪਾਲ ਸਿੰਘ ਸਿਆਊ, ਪ੍ਰਦੀਪ ਸਿੰਘ ਬੈਦਵਾਣ, ਅਕਾਲੀ ਆਗੂ ਕੁਲਵੰਤ ਸਿੰਘ ਤਿ੍ਪੜੀ, ਚੌਧਰੀ ਸ਼ਿਆਮ ਲਾਲ ਮਾਜਰੀਆਂ ਆਦਿ ਹਾਜ਼ਰ ਸਨ |