ਚੰਡੀਗੜ੍ਹ, 22 ਨਵੰਬਰ (ਅਜੀਤ ਬਿਊਰੋ)-ਹਰ ਸਾਲ 21 ਨਵੰਬਰ ਨੂੰ ਵਿਸ਼ਵ ਪੱਧਰ 'ਤੇ ਮਨਾਏ ਜਾਣ ਵਾਲੇ ਵਿਸ਼ਵ ਮੱਛੀ ਪਾਲਣ ਦਿਵਸ ਮੌਕੇ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਦੇ ਮੱਛੀ ਪਾਲਣ ਖੇਤਰ ਵਿਚ ਸ਼ਾਨਦਾਰ ਵਿਕਾਸ ਹੋਇਆ ਹੈ | ਉਨ੍ਹਾਂ ਦੱਸਿਆ ਕਿ ਸੂਬੇ ਵਿਚ ਮੱਛੀ ਪਾਲਣ ਅਧੀਨ ਰਕਬਾ 43,685 ਏਕੜ ਵਿਚ ਫੈਲਿਆ ਹੋਇਆ ਹੈ, ਜਿਸ ਤੋਂ ਸਾਲਾਨਾ ਲਗਪਗ ਦੋ ਲੱਖ ਮੀਟਰਿਕ ਟਨ ਤੋਂ ਵੱਧ ਮੱਛੀ ਦਾ ਉਤਪਾਦਨ ਹੋ ਰਿਹਾ ਹੈ | ਇਸ ਦੇ ਨਾਲ ਹੀ ਝੀਂਗਾ ਪਾਲਣ ਵਿਚ ਵੀ ਸੂਬੇ ਦੀ ਨਿਵੇਕਲੀ ਪਹੁੰਚ ਦੇ ਸ਼ਾਨਦਾਰ ਨਤੀਜੇ ਸਾਹਮਣੇ ਹਨ | ਉਨ੍ਹਾਂ ਦੱਸਿਆ ਕਿ 1,034 ਏਕੜ ਸੇਮ ਪ੍ਰਭਾਵਿਤ ਜ਼ਮੀਨ ਦੀ ਵਰਤੋਂ ਲਗਪਗ 2,759 ਮੀਟਰਿਕ ਟਨ ਝੀਂਗਾ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ, ਜੋ ਟਿਕਾਊ ਜਲ ਖੇਤੀ ਗਤੀਵਿਧੀਆਂ 'ਚ ਸੂਬੇ ਦੀ ਸਮਰੱਥਾ ਨੂੰ ਦਰਸਾਉਂਦੀ ਹੈ | ਪੰਜਾਬ ਨੇ ਕਿਸਾਨਾਂ ਨੂੰ ਕਿਫ਼ਾਇਤੀ ਦਰਾਂ 'ਤੇ ਉੱਚ-ਗੁਣਵੱਤਾ ਵਾਲਾ ਮੱਛੀ ਬੀਜ ਪ੍ਰਦਾਨ ਕਰਨ ਵਾਸਤੇ 16 ਸਰਕਾਰੀ ਮੱਛੀ ਬੀਜ ਫਾਰਮ ਸਥਾਪਤ ਕੀਤੇ ਹਨ | ਇਸੇ ਤਰ੍ਹਾਂ ਸੂਬਾ ਸਰਕਾਰ ਪੀ.ਐਮ.ਐਮ.ਐਸ.ਵਾਈ. ਯੋਜਨਾ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਹੀ ਹੈ, ਜਿਸ ਤਹਿਤ ਵੱਖ-ਵੱਖ ਪ੍ਰੋਜੈਕਟਾਂ ਲਈ 40 ਤੋਂ 60 ਫੀਸਦ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ | ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੀ.ਐਮ.ਐਮ.ਐਸ.ਵਾਈ. ਰਾਹੀਂ ਮੱਛੀ ਪਾਲਣ ਵਿਭਾਗ ਪਹਿਲਾਂ ਹੀ 683 ਲਾਭਪਾਤਰੀਆਂ ਨੂੰ 31.04 ਕਰੋੜ ਰੁਪਏ ਸਬਸਿਡੀ ਵਜੋਂ ਪ੍ਰਦਾਨ ਕਰ ਚੁੱਕਾ ਹੈ | ਇਸ ਮੌਕੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਵੀ ਮੱਛੀ ਅਤੇ ਝੀਂਗਾ ਪਾਲਕਾਂ ਨੂੰ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਵਿਭਾਗ ਨੇ ਇਸ ਸਾਲ 31 ਅਕਤੂਬਰ ਨੂੰ ਰੋਹੂ ਮੱਛੀ ਨੂੰ 'ਰਾਜ ਮੱਛੀ' ਐਲਾਨਿਆ ਹੈ |