ਲਾਲੜੂ, 23 ਨਵੰਬਰ (ਰਾਜਬੀਰ ਸਿੰਘ)-ਹੰਡੇਸਰਾ-ਬਰਵਾਲਾ ਰੋਡ 'ਤੇ ਟਰੈਕਟਰ ਦੀ ਟੱਕਰ ਲੱਗਣ ਕਾਰਨ ਖੇਤਾਂ ਨੇੜੇ ਸੜਕ ਕਿਨਾਰੇ ਖੜ੍ਹੇ 15 ਸਾਲਾ ਲੜਕੇ ਦੀ ਮੌਤ ਹੋ ਗਈ ਹੈ | ਪੁਲਿਸ ਨੇ ਮਿ੍ਤਕ ਦੀ ਪਛਾਣ ਸੁਜੀਤ ਕੁਮਾਰ ਪੁੱਤਰ ਅਨੁਰੁਧ ਸਦਾ ਵਜੋਂ ਹੋਈ ਦੱਸੀ ਹੈ ਜੋ ਕਿ ਬਿਹਾਰ ਦਾ ਰਹਿਣ ਵਾਲਾ ਸੀ ਤੇ ਹੁਣ ਪਿੰਡ ਸਿਊਲੀ ਵਿਖੇ ਰਹਿੰਦਾ ਸੀ | ਪੁਲਿਸ ਅਨੁਸਾਰ ਮਿ੍ਤਕ ਦੇ ਪਿਤਾ ਅਨੁਰੁੱਧ ਸਦਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਮੋਟਰਸਾਇਕਲ ਅਤੇ ਲੜਕੇ ਸੁਜੀਤ ਕੁਮਾਰ ਨੂੰ ਖੇਤਾਂ ਨੇੜੇ ਸੜਕ ਕਿਨਾਰੇ ਖੜ੍ਹਾ ਕਰਕੇ ਖੇਤਾਂ ਵਿਚ ਚਲਿਆ ਗਿਆ ਸੀ ਕਿ ਇਸੇ ਦੌਰਾਨ ਬਰਵਾਲਾ ਵਲੋਂ ਆ ਰਹੇ ਇਕ ਤੇਜ਼ ਰਫਤਾਰ ਟਰੈਕਟਰ ਨੇ ਸੜਕ ਕਿਨਾਰੇ ਖੜ੍ਹੇ ਉਸ ਦੇ ਮੋਟਰਸਾਈਕਲ ਤੇ ਸੁਜੀਤ ਕੁਮਾਰ ਨੂੰ ਟੱਕਰ ਮਾਰ ਦਿੱਤੀ ਅਤੇ ਸੁਜੀਤ ਗੰਭੀਰ ਜ਼ਖ਼ਮੀ ਹੋ ਗਿਆ | ਰਾਹਗੀਰਾਂ ਦੀ ਮਦਦ ਨਾਲ ਸੁਜੀਤ ਕੁਮਾਰ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਅਨੁਰੁੱਧ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਫਰਾਰ ਟਰੈਕਟਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ |