ਮਾਜਰੀ, 21 ਦਸੰਬਰ (ਕੁਲਵੰਤ ਸਿੰਘ ਧੀਮਾਨ)-ਸਰਕਾਰੀ ਹਾਈ ਸਕੂਲ ਬੂਥਗੜ੍ਹ 'ਚ ਮੈਗਾ ਮਾਪੇ ਅਧਿਆਪਕ ਮਿਲਣੀ ਦੌਰਾਨ ਸੈਕਟਰੀ ਸਕੂਲ ਸਿੱਖਿਆ ਵਿਭਾਗ ਪੰਜਾਬ ਅਨੰਦਿਤਾ ਮਿੱਤਰਾ ਵਲੋਂ ਅਚਨਚੇਤ ਸ਼ਮੂਲੀਅਤ ਕੀਤੀ ਗਈ | ਇਸ ਸੰਬੰਧੀ ਸਕੂਲ ਹੈਡਮਿਸਟਰੇਸ ਰਵਿੰਦਰ ਕੌਰ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਡਾ. ਗਿੰਨੀ ਦੁਗਲ ਦੀ ਰਹਿਨੁਮਾਈ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਅੰਗਰੇਜ ਸਿੰਘ ਦੀ ਯੋਗ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਵਲੋਂ ਚਲਾਈਆ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸੈਕਟਰੀ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਮਾਪਿਆਂ ਤੇ ਵਿਦਿਆਰਥੀਆਂ ਨਾਲ ਲੰਮਾ ਸਮਾਂ ਗੱਲਬਾਤ ਕੀਤੀ ਗਈ | ਇਸ ਦੌਰਾਨ ਉਨ੍ਹਾਂ ਨੇ ਸਕੂਲ ਮੁਖੀ ਰਵਿੰਦਰ ਕੌਰ ਤੋਂ ਸਕੂਲ ਦੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਅਨੰਦੀਤਾ ਮਿੱਤਰਾ ਨੇ ਉਨ੍ਹਾਂ ਤੇ ਸਮੂਹ ਸਟਾਫ ਦੇ ਕੰਮ ਦੀ ਖੂਬ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਵੀ ਸ਼ੱੁਭਇੱਛਾਵਾਂ ਦਿੱਤੀਆਂ | ਹੈਡਮਿਸਟਰੇਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਸ਼ਲਾਘਾ ਸਾਰੇ ਸਟਾਫ ਨੂੰ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ | ਉਨ੍ਹਾਂ ਸੈਕਟਰੀ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਇਸ ਦੌਰੇ ਨੂੰ ਉਤਸ਼ਾਹਿਤ ਕਰਨ ਵਾਲਾ ਦੌਰਾ ਦੱਸਿਆ |