ਚੰਡੀਗੜ੍ਹ, 22 ਦਸੰਬਰ (ਸੰਦੀਪ ਕੁਮਾਰ ਮਾਹਨਾ)ਯੂ. ਟੀ. ਚੰਡੀਗੜ੍ਹ ਦੇ ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਿਟੀ (ਆਰ. ਐਲ. ਏ.), ਦਫ਼ਤਰ ਵਲੋਂ ਨਵੀਂ ਸੀਰੀਜ਼ 'ਸੀ.ਐਚ01-ਡੀ.ਸੀ' ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ (ਫੈਂਸੀ ਤੇ ਚੋਇਸ) ਦੀ ਈ-ਨਿਲਾਮੀ ਕਰਵਾਈ ਗਈ, ਜਿਸ ਰਾਹੀਂ ਪ੍ਰਸ਼ਾਸਨ ਨੂੰ ਲੱਖਾਂ ਰੁਪਏ ਦੀ ਆਮਦਨ ਹੋਈ ਹੈ | ਇਹ ਈ-ਨਿਲਾਮੀ 20 ਦਸੰਬਰ 2025 ਤੋਂ ਅੱਜ (22 ਦਸੰਬਰ 2025) ਤੱਕ ਕਰਾਈ ਗਈ, ਜਿਸ 'ਚ ਨਵੀਂ ਸੀਰੀਜ਼ ਦੇ 0001 ਤੋਂ 9999 ਤੱਕ ਦੇ ਨੰਬਰਾਂ ਸਮੇਤ ਪਿਛਲੀਆਂ ਸੀਰੀਜ਼ਾਂ ਦੇ ਬਚੇ ਹੋਏ ਫੈਂਸੀ/ਵਿਸ਼ੇਸ਼ ਨੰਬਰ ਵੀ ਸ਼ਾਮਿਲ ਸਨ | ਈ-ਨਿਲਾਮੀ ਦੌਰਾਨ ਕੁਲ 485 ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀ ਬੋਲੀ ਲੱਗੀ, ਜਿਸ ਨਾਲ ਪ੍ਰਸ਼ਾਸਨ ਨੂੰ ਕੁੱਲ 2 ਕਰੋੜ 96 ਲੱਖ 31 ਹਜ਼ਾਰ ਰੁਪਏ ਦੀ ਵੱਡੀ ਆਮਦਨ ਹੋਈ | ਇਹ ਨਤੀਜਾ ਪ੍ਰਸ਼ਾਸਨ ਦੀ ਉਮੀਦਾਂ ਤੋਂ ਕਾਫ਼ੀ ਵਧ ਕੇ ਦੱਸਿਆ ਜਾ ਰਿਹਾ ਹੈ | ਨਿਲਾਮੀ ਦੌਰਾਨ ਨਵੀਂ ਸੀਰੀਜ਼ ਦਾ ਸਭ ਤੋਂ ਮਹਿੰਗਾ ਰਜਿਸਟ੍ਰੇਸ਼ਨ ਨੰਬਰ Tਸੀ.ਐਚ01-ਡੀ.ਸੀ-0001Uਰਿਹਾ, ਜੋ ਕਿ ਸਭ ਤੋਂ ਉੱਚੀ ਬੋਲੀ ਨਾਲ 31 ਲੱਖ 35 ਹਜ਼ਾਰ ਰੁਪਏ 'ਚ ਵਿਕਿਆ | ਇਸ ਤੋਂ ਇਲਾਵਾ ਨੰਬਰ 'ਸੀ.ਐਚ01-ਡੀ.ਸੀ-0009' ਨੇ ਵੀ ਭਾਰੀ ਰੁਚੀ ਹਾਸਿਲ ਕੀਤੀ ਅਤੇ ਇਹ 20 ਲੱਖ 42 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ, ਜੋ ਦੂਜੀ ਸਭ ਤੋਂ ਉੱਚੀ ਰਕਮ ਰਹੀ | ਆਰ. ਐਲ. ਏ. ਅਧਿਕਾਰੀਆਂ ਮੁਤਾਬਕ, ਫੈਂਸੀ ਤੇ ਚੋਣਵੇਂ ਨੰਬਰਾਂ ਲਈ ਲੋਕਾਂ 'ਚ ਵਧਦੀ ਦਿਲਚਸਪੀ ਕਾਰਨ ਸਰਕਾਰੀ ਖਜ਼ਾਨੇ ਨੂੰ ਲਗਾਤਾਰ ਵੱਡਾ ਫ਼ਾਇਦਾ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਈ-ਨਿਲਾਮੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਆਨਲਾਈਨ ਢੰਗ ਨਾਲ ਕਰਵਾਈ ਗਈ, ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਗੜਬੜ ਦੀ ਸੰਭਾਵਨਾ ਨਹੀਂ ਰਹੀ |