ਕੁਰਾਲੀ, 22 ਦਸੰਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸਿਸਵਾਂ ਮਾਰਗ 'ਤੇ ਬੀਤੀ ਰਾਤ ਮਲੇਰਕੋਟਲਾ ਸੀਡ ਸਟੋਰ ਨਾਮਕ ਇਕ ਦੁਕਾਨ 'ਚ ਅੱਗ ਲੱਗਣ ਕਾਰਨ ਲੱਖਾਂ ਰੁ. ਦਾ ਨੁਕਸਾਨ ਹੋ ਗਿਆ ਹੈ | ਇਸ ਸੰਬੰਧੀ ਸਟੋਰ ਦੇ ਮਾਲਕ ਮੁਹੰਮਦ ਸ਼ੁਕੀਲ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣਾ ਸਟੋਰ ਬੰਦ ਕਰਕੇ ਘਰ ਚਲੇ ਗਏ ਸਨ | ਉਪਰੰਤ ਰਾਤ ਕਰੀਬ 12 ਵਜੇ ਉਨ੍ਹਾਂ ਨੂੰ ਇਕ ਰਾਹਗੀਰ ਵਲੋਂ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ 'ਚ ਭਿਆਨਕ ਅੱਗ ਲੱਗੀ ਹੋਈ ਹੈ | ਉਸ ਤੋਂ ਬਾਦ ਜਦੋਂ ਤੱਕ ਉਹ ਸਟੋਰ 'ਤੇ ਪਹੁੰਚੇ ਤਾਂ ਉਸ ਸਮੇਂ ਤੱਕ ਨਾਲ ਲੱਗਦੀਆਂ ਦੁਕਾਨਾਂ ਦੇ ਦੁਕਾਨਦਾਰ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ | ਅੱਗ ਜ਼ਿਆਦਾ ਭਿਆਨਕ ਹੋਣ ਕਾਰਨ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ, ਜਿਸ 'ਤੇ ਫਾਇਰ ਬਿ੍ਗੇਡ ਦੀਆਂ ਦੋ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ | ਉਨ੍ਹਾਂ ਦੱਸਿਆ ਕਿ ਇਸ ਅੱਗ ਵਿਚ ਦੁਕਾਨ 'ਚ ਪਿਆ ਪੈਸਟੀਸਾਈਡ, ਬੀਜ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਕਰੀਬ 18 ਤੋਂ 20 ਲੱਖ ਰੁ. ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਦਾ ਸ਼ਟਰ ਪੂਰੀ ਤਰ੍ਹਾਂ ਪਿਘਲ ਗਿਆ ਤੇ ਦੁਕਾਨ ਦੀ ਛੱਤ ਵੀ ਥੱਲੇ ਆ ਗਈ | ਇਸ ਅੱਗ ਤੋਂ ਨਾਲ ਲੱਗਦੀ ਇਕ ਹੋਰ ਦੁਕਾਨ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ | ਪੀੜਤ ਦੁਕਾਨਦਾਰ ਨੇ ਅੱਗ ਲੱਗਣ ਦਾ ਕਾਰਨ ਦੁਕਾਨ ਦੇ ਉਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਦੱਸਿਆ ਹੈ | ਇਸ ਮੌਕੇ ਪਹੁੰਚੇ ਸ਼ੇਰੇ-ਏ-ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਦਲਜੀਤ ਸਿੰਘ ਜੀਤੀ ਫਾਟਵਾਂ ਨੇ ਜਿਥੇ ਸਟੋਰ ਮਾਲਕ ਨੂੰ ਹੌਸਲਾ ਦਿੱਤਾ, ਉਥੇ ਉਨਾਂ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਪੀੜਤ ਦੁਕਾਨਦਾਰ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ |