ਐੱਸ. ਏ. ਐੱਸ. ਨਗਰ, 29 ਦਸੰਬਰ (ਕਪਿਲ ਵਧਵਾ)-ਮੁਹਾਲੀ ਪੁਲਿਸ ਨੇ ਐੱਨ. ਆਰ. ਆਈ. ਵਿੰਗ ਵਲੋਂ ਜੀ. ਆਈ. ਸੀ. ਭੇਜਣ ਦੇ ਨਾਂਅ 'ਤੇ 20 ਹਜ਼ਾਰ ਕੈਨੇਡੀਅਨ ਡਾਲਰ ਹੜੱਪਣ ਦੇ ਇਕ ਪੁਰਾਣੇ ਮਾਮਲੇ |ਚ ਇਕ ਮਹਿਲਾ ਵਿਰੁੱਧ ਮਾਮਲਾ ਦਰਜ ਕੀਤਾ ਹੈ | ਮੁਲਜ਼ਮ ਦੀ ਪਛਾਣ ਰੀਆ ਧੀਮਾਨ ਵਜੋਂ ਹੋਈ ਹੈ, ਜੋ ਕਿ ਸੈਕਟਰ-9 ਸਥਿਤ ਇਕ ਇੰਮੀਗ੍ਰੇਸ਼ਨ ਕੰਪਨੀ ਦੀ ਨਿਰਦੇਸ਼ਕ ਹੈ | ਇਸ ਸੰਬੰਧੀ ਸ਼ਿਕਾਇਤਕਰਤਾ ਹਰਜੀਤ ਸਿੰਘ ਵਾਸੀ ਅਮਲੋਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਸ ਦਾ ਇਕ ਪੁੱਤਰ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਉੱਚੇਰੀ ਸਿੱਖਿਆ ਲਈ ਕੈਨੇਡਾ ਵਿਖੇ ਗਿਆ ਹੋਇਆ ਹੈ | ਉਸ ਨੇ ਦੱਸਿਆ ਕਿ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਦੇ ਸਿਲਸਿਲੇ ਵਿਚ ਹੀ ਉਹ ਰੀਆ ਧੀਮਾਨ ਨੂੰ ਮਿਲਿਆ ਸੀ, ਜਿਸ ਨੇ ਇਹ ਭਰੋਸਾ ਦਿੱਤਾ ਸੀ ਕਿ ਉਹ ਉਸ ਦੇ ਲੜਕੇ ਦਾ ਕੈਨੇਡਾ ਦੇ ਕਾਲਜ ਵਿਚ ਦਾਖ਼ਲਾ ਕਰਵਾ ਦੇਵੇਗੀ ਅਤੇ ਜੀ. ਆਈ. ਸੀ. ਦਾ ਸਾਰਾ ਕੰਮ ਦੇਖ ਲਵੇਗੀ | ਇਸ ਦੇ ਬਦਲੇ ਰੀਆ ਨੇ ਜੋ ਫ਼ੀਸ ਮੰਗੀ ਸੀ, ਉਹ ਸ਼ਿਕਾਇਤਕਰਤਾ ਨੇ ਉਸ ਨੂੰ ਅਦਾ ਕਰ ਦਿੱਤੀ ਸੀ | ਇਸ ਤੋਂ ਬਾਅਦ ਸ਼ਿਕਾਇਤਕਰਤਾ ਦੇ ਪੁੱਤਰ ਤਰਨਵੀਰ ਸਿੰਘ ਦਾ ਵੀਜ਼ਾ ਆਉਣ 'ਤੇ 29 ਅਗਸਤ ਨੂੰ ਉਹ ਕੈਨੇਡਾ ਚਲਾ ਗਿਆ, ਜਿਥੇ ਪਹੁੰਚ ਕੇ ਤਰਨਵੀਰ ਸਿੰਘ ਨੇ ਦੇਖਿਆ ਕਿ ਉਸ ਦੇ ਸੀ. ਆਈ. ਬੀ. ਸੀ. ਖਾਤੇ ਵਿਚ ਰੀਆ ਧੀਮਾਨ ਨੂੰ ਜੀ. ਆਈ. ਸੀ. ਭਰਨ ਲਈ ਸੌਂਪੇ ਗਏ 20 ਹਜ਼ਾਰ ਕੈਨੇਡੀਅਨ ਡਾਲਰ ਜਮ੍ਹਾਂ ਨਹੀਂ ਹੋਏ | ਇਸ ਤੋਂ ਬਾਅਦ ਜਦੋਂ ਉਨ੍ਹਾਂ ਰੀਆ ਧੀਮਾਨ ਨਾਲ ਸੰਪਰਕ ਕੀਤਾ ਤਾਂ ਉਸ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ, ਸਗੋਂ ਪੈਸਿਆਂ ਸੰਬੰਧੀ ਟਾਲ-ਮਟੋਲ ਕਰਨ ਲੱਗ ਪਈ | ਇਸ ਤੋਂ ਬਾਅਦ ਉਸ ਨੂੰ ਕਈ ਵਾਰ 20 ਹਜ਼ਾਰ ਡਾਲਰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ, ਪਰ ਰੀਆ ਨੇ ਸ਼ਿਕਾਇਤਕਰਤਾ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ | ਇਸ ਤੋਂ ਬਾਅਦ ਹਰਜੀਤ ਸਿੰਘ ਨੇ ਪੁਲਿਸ ਨੂੰ ਅਕਤੂਬਰ ਮਹੀਨੇ ਵਿਚ ਦਰਖ਼ਾਸਤ ਦਿੱਤੀ, ਜਿਸ ਦੀ ਜਾਂਚ ਤੋਂ ਬਾਅਦ ਥਾਣਾ ਐੱਨ. ਆਰ. ਆਈ. ਵਿਖੇ ਉਕਤ ਮਹਿਲਾ ਵਿਰੁੱਧ ਆਈ. ਪੀ. ਸੀ. ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ |