ਪੰਚਕੂਲਾ, 30 ਦਸੰਬਰ (ਕਪਿਲ)-ਹਰਿਆਣਾ ਦੇ ਸਿੱਖਿਆ ਮੰਤਰੀ ਮਹਿਪਾਲ ਢਾਂਡਾ ਨੇ ਸੋਮਵਾਰ ਨੂੰ ਸਵਰਨ ਜੈਅੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਸੈਕਟਰ-3 ਪੰਚਕੂਲਾ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਹਰਿਆਣਾ ਰਾਜ ਰਾਸ਼ਟਰੀ ਸਿੱਖਿਆ ਨੀਤੀ (ਐਨ. ਈ. ਪੀ.) 2020 ਲਾਗੂਕਰਨ ਉੱਤਮਤਾ ਸਨਮਾਨ ਇਨਾਮ ਵੰਡੇ | ਇਸ ਮੌਕੇ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਆਪਣੇ ਸਪੱਸ਼ਟ ਤੇ ਦਿ੍ੜ੍ਹ ਸੰਕਲਪ ਅਨੁਸਾਰ ਸਾਲ 2025 ਦੇ ਅੰਤ ਤੱਕ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਜ਼ਿਆਦਾਤਰ ਮੁੱਖ ਟੀਚਿਆਂ ਦੀ ਪ੍ਰਾਪਤੀ ਵੱਲ ਠੋਸ ਕਦਮ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਭਾਰਤ ਦੀ ਸਿੱਖਿਆ ਪ੍ਰਣਾਲੀ ਲਈ ਇਕ ਵਿਸ਼ਾਲ, ਦੂਰਦਰਸ਼ੀ ਤੇ ਪਰਿਵਰਤਨਕਾਰੀ ਦਿ੍ਸ਼ਟੀਕੋਣ ਪੇਸ਼ ਕਰਦੀ ਹੈ | ਇਹ ਨੀਤੀ ਸਿਰਫ਼ ਪਾਠਕ੍ਰਮ 'ਚ ਬਦਲਾਅ ਤੱਕ ਸੀਮਿਤ ਨਹੀਂ ਹੈ, ਸਗੋਂ ਸਿੱਖਣ ਦੀ ਪੂਰੀ ਸੰਸਕਿ੍ਤੀ ਨੂੰ ਨਵੀਂ ਪਰਿਭਾਸ਼ਾ ਦਿੰਦੀ ਹੈ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਉੱਚ ਸਿੱਖਿਆ ਸੰਸਥਾਨਾਂ ਨੇ ਸੀਮਿਤ ਸਰੋਤਾਂ ਦੇ ਬਾਵਜੂਦ ਨਵੀਨਤਾ ਨੂੰ ਅਪਣਾਇਆ, ਅਧਿਆਪਨ ਪੱਧਤੀਆਂ 'ਚ ਲਚੀਲਾਪਨ ਲਿਆਇਆ, ਵਿਦਿਆਰਥੀਆਂ ਨੂੰ ਕੇਂਦਰ 'ਚ ਰੱਖ ਕੇ ਫੈਸਲੇ ਕੀਤੇ, ਸਿੱਖਿਆ ਨੂੰ ਰੋਜ਼ਗਾਰ-ਉਪਯੋਗੀ ਅਤੇ ਸਮਾਜ-ਹਿਤੈਸ਼ੀ ਬਣਾਉਣ ਵੱਲ ਕੰਮ ਕੀਤਾ ਅਤੇ ਐਨ. ਈ. ਪੀ. ਦੇ ਲਾਗੂਕਰਨ 'ਚ ਨਵੀਨਤਾ ਦੇ ਪਰਚੇ ਦਿੱਤੇ, ਉਨ੍ਹਾਂ ਨੂੰ ਸਨਮਾਨਿਤ ਕਰਨ ਅਤੇ ਰਾਜ ਦੇ ਉੱਚ ਸਿੱਖਿਆ ਤੰਤਰ 'ਚ ਲਗਾਤਾਰ ਸੁਧਾਰ, ਮੁਕਾਬਲਾਤਮਕ ਉੱਤਮਤਾ ਅਤੇ ਨਵੀਨਤਾ ਦੀ ਸੰਸਕਿ੍ਤੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ 'ਹਰਿਆਣਾ ਰਾਜ ਰਾਸ਼ਟਰੀ ਸਿੱਖਿਆ ਨੀਤੀ 2020 ਲਾਗੂਕਰਨ ਉੱਤਮਤਾ ਸਨਮਾਨ' ਦੇਣ ਦਾ ਫੈਸਲਾ ਕੀਤਾ ਗਿਆ ਹੈ | ਉਨ੍ਹਾਂ ਨੇ ਸਾਰੀਆਂ ਯੂਨੀਵਰਸਿਟੀਆਂ ਅਤੇ ਸੰਬੰਧਤ ਕਾਲਜਾਂ ਨੂੰ ਅਪੀਲ ਕੀਤੀ ਕਿ ਹਰਿਆਣਾ ਸਰਕਾਰ ਦੇ ਵਿਜ਼ਨ ਦਸਤਾਵੇਜ਼ 2047 'ਚ ਦਰਜ ਟੀਚਿਆਂ ਦੀ ਪ੍ਰਾਪਤੀ ਲਈ ਕਦਮ ਚੁੱਕੇ ਜਾਣ ਤਾਂ ਜੋ ਹਰਿਆਣਾ ਦਾ ਹਰ ਨੌਜਵਾਨ 2047 ਤੱਕ ਗਲੋਬਲ ਮਾਰਕੀਟ ਲਈ ਲੋੜੀਂਦੀ ਨਿਪੁੰਨਤਾ ਹਾਸਿਲ ਕਰ ਸਕੇ | ਇਸ ਮੌਕੇ ਉਨ੍ਹਾਂ ਨੇ ਇਨਾਮ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਜਿਨ੍ਹਾਂ ਨੂੰ ਇਨਾਮ ਨਹੀਂ ਮਿਲੇ, ਉਨ੍ਹਾਂ ਨੂੰ ਭਵਿੱਖ 'ਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਉਨ੍ਹਾਂ ਨੇ ਇਹ ਭਰੋਸਾ ਜਤਾਇਆ ਕਿ ਸਾਰਿਆਂ ਯੂਨੀਵਰਸਿਟੀਆਂ ਤੇ ਕਾਲਜ ਭਵਿੱਖ 'ਚ ਵੀ ਰਾਸ਼ਟਰੀ ਸਿੱਖਿਆ ਨੀਤੀ 2020 ਦੀ ਆਤਮਾ ਅਨੁਸਾਰ ਲਚੀਲੀ, ਗੁਣਵੱਤਾਪੂਰਨ ਅਤੇ ਨਤੀਜਾ-ਕੇਂਦਰਿਤ ਉੱਚ ਸਿੱਖਿਆ ਨੂੰ ਮਜ਼ਬੂਤ ਕਰਨ 'ਚ ਅਗਵਾਈ ਭੂਮਿਕਾ ਨਿਭਾਉਂਦੀਆਂ ਰਹਿਣਗੀਆਂ | ਇਸ ਮੌਕੇ ਉਨ੍ਹਾਂ ਨੇ 'ਭਾਰਤ ਬੌਧਿਕਸ' ਪੁਸਤਕ ਸੈੱਟ ਦਾ ਵੀ ਲੋਕ ਅਰਪਣ ਕੀਤਾ | ਇਸ ਮੌਕੇ ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜਭਾਰ ਅਧਿਕਾਰੀ ਡਾ. ਰਾਜ ਨਹਿਰੂ ਤੇ ਉੱਚ ਸਿੱਖਿਆ ਦੇ ਡਾਇਰੈਕਟਰ ਜਨਰਲ ਐਸ. ਨਾਰਾਇਣਨ ਨੇ ਵੀ ਆਪਣੇ ਵਿਚਾਰ ਰੱਖੇ | ਸਮਾਗਮ 'ਚ ਰਾਜ ਦੀਆਂ ਯੂਨੀਵਰਸਿਟੀਆਂ ਦੇ ਕੁਲਪਤੀ, ਮਹਾਵਿਦਿਆਲਿਆਂ ਦੇ ਪਿ੍ੰਸੀਪਲ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਰਹੇ |