ਪੰਚਕੂਲਾ, 30 ਦਸੰਬਰ (ਕਪਿਲ)-ਪੰਚਕੂਲਾ ਦੇ ਸੈਕਟਰ-6 ਸਥਿਤ ਸਰਕਾਰੀ ਹਸਪਤਾਲ ਦੇ ਗਾਇਨੀ ਵਾਰਡ 'ਚ ਉਸ ਸਮੇਂ ਹਫੜਾ-ਤਫੜੀ ਮਚ ਗਈ, ਜਦੋਂ ਵਾਰਡ 'ਚ ਲੱਗੇ ਹੀਟਰ 'ਚ ਅਚਾਨਕ ਅੱਗ ਲੱਗ ਗਈ | ਅੱਗ ਲੱਗਣ ਕਾਰਨ ਪੂਰਾ ਵਾਰਡ ਧੂੰਏਾ ਨਾਲ ਭਰ ਗਿਆ, ਜਿਸ ਨਾਲ ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ਼ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਘਟਨਾ ਬਾਰੇ ਜਾਣਕਾਰੀ ਮਿਲਦੇ ਸਾਰ ਹੀ ਹਸਪਤਾਲ ਦੇ ਕਰਮਚਾਰੀਆਂ ਨੇ ਤੁਰੰਤ ਫੁਰਤੀ ਦਿਖਾਉਂਦੇ ਹੋਏ ਹੀਟਰ ਨੂੰ ਬੰਦ ਕਰ ਦਿੱਤਾ ਅਤੇ ਅੱਗ 'ਤੇ ਕਾਬੂ ਪਾ ਲਿਆ | ਹਸਪਤਾਲ ਸਟਾਫ਼ ਵਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਨਾਲ ਵੱਡਾ ਹਾਦਸਾ ਹੋਣੋਂ ਬਚਾਅ ਹੋ ਗਿਆ | ਹਸਪਤਾਲ ਪ੍ਰਸ਼ਾਸਨ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |