ਤਲਵੰਡੀ ਸਾਬੋ, 2 ਨਵੰਬਰ (ਰਣਜੀਤ ਸਿੰਘ ਰਾਜੂ)-ਕੇਂਦਰ ਦੀ ਭਾਜਪਾ ਅਤੇ ਸੂਬੇ ਦੀ 'ਆਪ' ਸਰਕਾਰ ਦੋਵੇਂ ਹੀ ਲੋਕਤੰਤਰੀ ਕਦਰਾਂ ਕੀਮਤਾਂ ਨਾਲ ਖਿਲਵਾੜ ਕਰ ਰਹੀਆਂ ਹਨ ਤੇ ਹੁਣ ਤਾਂ ਇਉਂ ਲੱਗਦਾ ਹੈ ਕਿ ਤਾਨਾਸ਼ਾਹੀ ਦਾ ਦਿਨ ਬ ਦਿਨ ਵਿਸਥਾਰ ਹੁੰਦਾ ਜਾ ਰਿਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਸਪੁੱਤਰ ਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਹਲਕੇ ਦੇ ਪਿੰਡਾਂ ਦੇ ਦੌਰੇ ਉਪਰੰਤ ਗੱਲਬਾਤ ਦੌਰਾਨ ਕੀਤਾ | ਵਰਕਰਾਂ ਤੇ ਆਮ ਲੋਕਾਂ ਦੇ ਨਿੱਜੀ ਪ੍ਰੋਗਰਾਮਾਂ ਚ ਹਾਜ਼ਰੀ ਭਰਨ ਉਪਰੰਤ ਗੱਲਬਾਤ ਕਰਦਿਆਂ ਗੁਰਬਾਜ਼ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਲੋਕਤਾਂਤਰਿਕ ਪ੍ਰਕਿ੍ਆ ਨੂੰ ਢਾਹ ਲਗਾ ਕੇ ਪੰਜਾਬ ਦੇ ਹੱਕਾਂ ਤੇ ਲਗਾਤਾਰ ਡਾਕੇ ਮਾਰਦੀ ਆ ਰਹੀ ਹੈ ਅਤੇ ਹੁਣ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਭੰਗ ਕਰਕੇ ਪੰਜਾਬ ਦੀ ਰੂਹ ਮੰਨੀ ਜਾਂਦੀ ਇਸ ਯੂਨੀਵਰਸਿਟੀ ਨੂੰ ਸਿੱਧੇ ਆਪਣੇ ਪ੍ਰਭਾਵ ਹੇਠ ਲੈਣ ਲਈ ਕੇਂਦਰ ਨੇ ਜੋ ਚਾਲ ਚੱਲੀ ਹੈ ਉਹ ਦਰਸਾਉਂਦੀ ਹੈ ਕਿ ਇਹ ਸਰਕਾਰ ਕਦੇ ਵੀ ਪੰਜਾਬ ਪੱਖੀ ਨਹੀ ਸੋਚ ਸਕਦੀ | ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਬੰਧੀ ਕੇਂਦਰ ਵਲੋਂ ਕੀਤਾ ਗਿਆ ਫੈਸਲਾ ਗੈਰ ਸੰਵਿਧਾਨਕ ਹੈ ਅਤੇ ਇਹ ਤੁਰੰਤ ਵਾਪਸ ਹੋਣਾ ਚਾਹੀਦਾ ਹੈ | ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਵੀ ਹੱਲਾ ਬੋਲਦਿਆਂ ਸਿੱਧੂ ਨੇ ਕਿਹਾ ਕਿ ਪਿਛਲੇ ਸਮੇਂ 'ਚ ਕਿਸਾਨੀ ਸੰਘਰਸ਼ ਨੂੰ ਡੰਡੇ ਦੇ ਜ਼ੋਰ 'ਤੇ ਤਾਰਪੀਡੋ ਕਰਕੇ ਇਸ ਸਰਕਾਰ ਨੇ ਦੱਸ ਦਿੱਤਾ ਸੀ ਕਿ ਲੋਕ ਤਾਂਤਰਿਕ ਤਰੀਕੇ ਨਾਲ ਹੱਕ ਮੰਗਦੇ ਲੋਕ ਵੀ ਉਸ ਨੂੰ ਪਸੰਦ ਨਹੀਂ ਅਤੇ ਅੱਜ ਜਿਸ ਤਰ੍ਹਾਂ ਪੰਜਾਬ ਵਿੱਚ ਅਖ਼ਬਾਰਾਂ ਢੋਹਣ ਵਾਲੀਆਂ ਗੱਡੀਆਂ ਦੀ ਤਲਾਸ਼ੀ ਲਈ ਗਈ ਉਹ ਵੀ ਇੱਕ ਤਰੀਕੇ ਨਾਲ ਚੁੱਪਚਾਪ ਐਮਰਜੈਂਸੀ ਲਗਾਉਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਪੱਸ਼ਟ ਕਰੇ ਕਿ ਆਖਿਰ ਅਜਿਹੀ ਕਿਹੜੀ ਵਜ੍ਹਾ ਸੀ ਕਿ ਉਸ ਨੇ ਅਖ਼ਬਾਰ ਲੋਕਾਂ ਦੇ ਹੱਥਾਂ ਤੱਕ ਪਹੁੰਚਣ ਚ ਅੜਚਨ ਪੈਦਾ ਕੀਤੀ | ਸਿੱਧੂ ਨਾਲ ਇਸ ਮੌਕੇ ਕਾਂਗਰਸੀ ਆਗੂ ਸੁਖਬੀਰ ਚੱਠਾ, ਮਨਜੀਤ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਸੁਖਵੰਤ ਸਿੰਘ ਕਾਲਾ ਰਾਮਾਂ, ਸੁਰਜੀਤ ਸ਼ਰਮਾ ਜਗ੍ਹਾ, ਚਰਨਜੀਤ ਸਿੰਘ ਕੋਟਬਖਤੂ, ਕ੍ਰਿਸ਼ਨ ਯਾਦਵ, ਹਰਪਾਲ ਵਿਰਕ, ਹਰਪਾਲ ਪੰਚ ਗਾਟਵਾਲੀ ਆਦਿ ਮੌਜੂਦ ਸਨ |