ਬਠਿੰਡਾ, 2 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਤਰਨਤਾਰਨ ਦੀ ਜ਼ਿਮਨੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ | ਸਾਰੀਆਂ ਰਾਜਨੀਤਿਕ ਧਿਰਾਂ ਆਪਣੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰ ਰਹੀਆਂ ਹਨ | ਭਾਜਪਾ ਦੇ ਉਮੀਦਵਾਰ ਹਰਜੀਤ ਸੰਧੂ ਦੀ ਜਿੱਤ ਯਕੀਨੀ ਬਣਾਉਣ ਲਈ ਸੂਬੇ ਦੀ ਸੀਨੀਅਰ ਲੀਡਰਸ਼ਿਪ ਵੀ ਤਰਨਤਾਰਨ ਹਲਕੇ 'ਚ ਜ਼ੋਰਾਂ-ਸ਼ੋਰਾਂ ਪ੍ਰਚਾਰ ਕਰ ਰਹੀ ਹੈ | ਜ਼ਿਲ੍ਹਾ ਬਠਿੰਡਾ ਦਿਹਾਤੀ ਦੀ ਜਥੇਬੰਦੀ ਨੇ ਵੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਮੀਤ ਪ੍ਰਧਾਨ ਅਮਰਿੰਦਰ ਸਿੰਘ ਦਾਤੇਵਾਸ ਦੀ ਅਗਵਾਈ 'ਚ ਤਰਨਤਾਰਨ ਹਲਕੇ 'ਚ ਪਾਰਟੀ ਉਮੀਦਵਾਰ ਦੇ ਹੱਕ 'ਚ ਮੋਰਚਾ ਸੰਭਾਲ ਲਿਆ | ਵੱਡੇ ਕਾਫ਼ਲੇ ਨਾਲ ਤਰਨਤਾਰਨ ਲਈ ਰਵਾਨਾ ਹੋਣ ਸਮੇਂ ਮਲੂਕਾ ਨੇ ਦਾਅਵਾ ਕੀਤਾ ਕਿ ਤਰਨਤਾਰਨ ਜ਼ਿਮਨੀ ਚੋਣ 'ਚ ਭਾਜਪਾ ਦਾ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨਾਲ ਤੋੜ ਵਿਛੋੜੇ ਤੋਂ ਬਾਅਦ ਭਾਜਪਾ ਪੰਜਾਬ 'ਚ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦਾ ਹਾਂ-ਪੱਖੀ ਅਸਰ ਹੁਣ ਜ਼ਮੀਨੀ ਪੱਧਰ 'ਤੇ ਨਜ਼ਰ ਆ ਰਿਹਾ ਹੈ | ਭਾਜਪਾ ਨੇ ਆਪਣੇ ਪੱਧਰ 'ਤੇ ਸੂਬੇ 'ਚ ਕੇਂਦਰੀ ਯੋਜਨਾਵਾਂ ਨੂੰ ਲਾਗੂ ਕਰਨ ਲਈ ਉਪਰਾਲੇ ਕੀਤੇ ਹਨ | ਜਿਸ ਕਰਕੇ ਮਿਲ ਰਹੀਆਂ ਸਹੂਲਤਾਂ ਤੋਂ ਉਤਸ਼ਾਹਿਤ ਲੋਕ ਭਾਜਪਾ ਦੇ ਹੱਕ 'ਚ ਲਾਮਬੰਦ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ | ਭਾਜਪਾ ਸ਼ਾਸਿਤ ਸੂਬਿਆਂ ਦੀ ਤਰੱਕੀ ਅਤੇ ਅਮਨ ਕਾਨੂੰਨ ਦੀ ਸਥਿਤੀ ਨੇ ਲੋਕਾਂ ਨੂੰ ਭਾਜਪਾ ਵੱਲ ਆਕਰਸ਼ਿਤ ਕੀਤਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਜ਼ਿਮਨੀ ਚੋਣ 'ਚ ਲੋਕ ਭਾਜਪਾ ਦੇ ਹੱਕ 'ਚ ਭੁਗਤਣਗੇ ਤੇ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜੇ ਪੰਜਾਬ ਦੀ ਰਾਜਨੀਤੀ ਤੈਅ ਕਰਨਗੇ | ਇਸ ਮੌਕੇ ਜਸਪ੍ਰੀਤ ਸਿੰਘ ਜੱਸਾ, ਬੂਟਾ ਭਾਈਰੂਪਾ, ਗੁਰਜੀਤ ਸਿੰਘ ਗੋਰਾ, ਮੰਡਲ ਪ੍ਰਧਾਨ ਮੰਦਰ ਸਿੰਘ ਕੋਇਰ ਸਿੰਘ ਵਾਲਾ, ਬੌਬੀ ਸਿੰਗਲਾ ਮੰਡਲ ਪ੍ਰਧਾਨ ਭਗਤਾ, ਗੁਰਦੀਪ ਸਿੰਘ, ਮਨਦੀਪ ਸ਼ਰਮਾ ਮਲੂਕਾ, ਗੁਰਜੰਟ ਸਿੰਘ, ਲਾਲਦੀਪ ਸਿੰਘ, ਨਾਜ਼ਰ ਸਿੰਘ, ਜਸਵੀਰ ਸਿੰਘ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਖ਼ੁਸ਼ਦੀਪ, ਸਿਕੰਦਰ ਸਿੰਘ, ਗੁਰਦੀਪ ਸਿੰਘ, ਰਾਧੇ ਸ਼ਾਮ, ਗੁਰਰਤਨ ਸਿੰਘ, ਜਗਬੀਰ ਸਿੰਘ ਕਾਕਾ, ਮਨਦੀਪ ਸਿੰਘ, ਦਿਲਸ਼ਾਨ ਸਿੰਘ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਵੀ ਹਾਜਰ ਸਨ |