ਰੂਪਨਗਰ, 23 ਸਤੰਬਰ (ਸਟਾਫ਼ ਰਿਪੋਰਟਰ)-ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਐਡਵੋਕੇਟ ਸੁਭਾਸ਼ ਸ਼ਰਮਾ ਨੇ ਰੂਪਨਗਰ ਪ੍ਰੈੱਸ ਕਲੱਬ ਵਿਚ ਹੋਈ ਪੱਤਰਕਾਰਾਂ ਨਾਲ ਮਿਲਣੀ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਪੰਜਾਬ ਨੂੰ ਲਗਾਤਾਰ ਵੱਡੇ ਪ੍ਰੋਜੈਕਟਾਂ ਦੀ ਸੌਗਾਤ ਦੇ ਰਹੀ ਹੈ | ਅੱਜ ਪੰਜਾਬ ਲਈ ਦੋ ਮਹੱਤਵਪੂਰਨ ਰੇਲਵੇ ਪ੍ਰੋਜੈਕਟਾਂ ਦਾ ਐਲਾਨ ਹੋਇਆ ਹੈ, ਜਿਸ ਨਾਲ ਰਾਜ ਦੇ ਬੁਨਿਆਦੀ ਢਾਂਚੇ ਅਤੇ ਆਵਾਜਾਈ ਖੇਤਰ ਨੂੰ ਵੱਡੀ ਰਫ਼ਤਾਰ ਮਿਲੇਗੀ | ਉਨ੍ਹਾਂ ਦੱਸਿਆ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਜਾਰੀ ਐਲਾਨਾਂ ਵਿੱਚੋਂ ਇਕ ਅਹਿਮ ਪ੍ਰੋਜੈਕਟ ਮੋਹਾਲੀ-ਰਾਜਪੁਰਾ ਰੇਲ ਲਾਈਨ ਹੈ | ਲਗਪਗ 18 ਕਿੱਲੋਮੀਟਰ ਦੀ ਇਹ ਲਾਈਨ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਨੂੰ ਸਿੱਧਾ ਰਾਜਪੁਰਾ ਅਤੇ ਫਿਰ ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਜੋੜੇਗੀ | ਸ਼ਰਮਾ ਨੇ ਕਿਹਾ ਕਿ ਇਹ ਪ੍ਰੋਜੈਕਟ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ, ਜਿਸਨੂੰ ਮੋਦੀ ਸਰਕਾਰ ਨੇ ਪੂਰਾ ਕੀਤਾ ਹੈ | ਦੂਜੇ ਵੱਡੇ ਪ੍ਰੋਜੈਕਟ ਦਾ ਜ਼ਿਕਰ ਕਰਦਿਆਂ ਉਨਾਂ ਦੱਸਿਆ ਕਿ ਫਿਰੋਜ਼ਪੁਰ ਤੋਂ ਦਿੱਲੀ ਲਈ ਵਾਇਆ ਬਠਿੰਡਾ ਵੰਦੇ ਭਾਰਤ ਐਕਸਪ੍ਰੈੱਸ ਚਲਾਉਣ ਦਾ ਐਲਾਨ ਕੀਤਾ ਗਿਆ ਹੈ | ਇਸ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਤੇਜ਼ ਰਫ਼ਤਾਰ ਯਾਤਰਾ ਦੀ ਸੁਵਿਧਾ ਮਿਲੇਗੀ | ਉਨ੍ਹਾਂ ਕਿਹਾ ਕਿ ਬਲਾਚੌਰ-ਰੂਪਨਗਰ ਤੇ ਚਮਕੌਰ ਸਾਹਿਬ-ਲੁਧਿਆਣਾ ਰੇਲ ਲਿੰਕਾਂ ਦੀ ਵੀ ਬਹੁਤ ਜ਼ਰੂਰਤ ਹੈ, ਜਿਨ੍ਹਾਂ ਲਈ ਉਹ ਜਲਦੀ ਹੀ ਰੇਲ ਮੰਤਰੀ ਨੂੰ ਬੇਨਤੀ ਕਰਨਗੇ | ਉਹਨਾਂ ਅਖੀਰ 'ਚ ਕਿਹਾ ਕਿ ਪੰਜਾਬ ਨੂੰ ਅਜੋਕੇ ਸੰਕਟ ਵਿੱਚੋਂ ਸਿਰਫ ਕੁਸ਼ਲ ਰਾਜਨੀਤੀ ਅਤੇ ਪ੍ਰਸ਼ਾਸਨਿਕ ਨੀਅਤ ਤੇ ਨੀਤੀ ਹੀ ਕੱਢ ਸਕਦੀ ਹੈ | ਇਸ ਮੌਕੇ ਉਨ੍ਹਾਂ ਰੂਪਨਗਰ ਪ੍ਰੈੱਸ ਕਲੱਬ ਦੀਆਂ ਗਤੀਵਿਧੀਆਂ ਅਤੇ ਇੱਥੋਂ ਦੇ ਮੀਡੀਆ ਦੀ ਸਕਾਰਾਤਮਕ ਸੋਚ ਦੀ ਸ਼ਲਾਘਾ ਕੀਤੀ | ਪ੍ਰੈੱਸ ਕਲੱਬ ਵਲੋਂ ਉਨ੍ਹਾਂ ਨੂੰ ਇੱਕ ਯਾਦਗਾਰੀ ਚਿੰਨ ਭੇਟ ਕੀਤਾ