ਰੂਪਨਗਰ, 24 ਸਤੰਬਰ (ਸਤਨਾਮ ਸਿੰਘ ਸੱਤੀ)-ਸਿਵਲ ਹਸਪਤਾਲ ਰੂਪਨਗਰ ਵਿਚ ਸ਼ੁਰੂ ਕੀਤਾ ਗਿਆ ਸਟੈਮੀ ਪਾਇਲਟ ਪ੍ਰੋਜੈਕਟ (ਮਿਸ਼ਨ ਅੰਮਿ੍ਤ) ਹਾਰਟ ਅਟੈਕ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਮਰੀਜ਼ਾਂ ਨੂੰ 25-35 ਹਜ਼ਾਰ ਰੁਪਏ ਮੁੱਲ ਵਾਲਾ ਟੈਨਿਕਟੀਪਲੇਸ ਇੰਜੈਕਸ਼ਨ ਮੁਫ਼ਤ ਦਿੱਤਾ ਜਾਂਦਾ ਹੈ, ਜੋ ਦਿਲ ਦੀਆਂ ਨਾੜੀਆਂ ਦੇ ਖ਼ੂਨ ਦੇ ਥੱਕਿਆਂ ਨੂੰ ਖੋਲ੍ਹਣ ਵਿਚ ਮੱਦਦ ਕਰਦਾ ਹੈ | ਉਨ੍ਹਾਂ ਕਿਹਾ ਕਿ ਹਾਰਟ ਅਟੈਕ ਪੀੜਤਾਂ ਨੂੰ ਪਹਿਲਾਂ ਸਿਵਲ ਹਸਪਤਾਲ ਰੂਪਨਗਰ ਵਿਚ ਇਹ ਟੀਕਾ ਲਗਾ ਕੇ ਸਥਿਤੀ ਸਥਿਰ ਕੀਤੀ ਜਾਂਦੀ ਹੈ ਅਤੇ ਫਿਰ ਲੋੜ ਅਨੁਸਾਰ ਪੀ.ਜੀ.ਆਈ. ਜਾਂ ਹੋਰ ਉੱਚ ਸਿਹਤ ਸੰਸਥਾਨਾਂ ਵਿਚ ਭੇਜਿਆ ਜਾਂਦਾ ਹੈ | ਇਸ ਤਰੀਕੇ ਨਾਲ ਹੁਣ ਤੱਕ 15 ਮਰੀਜ਼ਾਂ ਦੀ ਜਾਨ ਬਚਾਈ ਜਾ ਚੁੱਕੀ ਹੈ | ਮੈਡੀਕਲ ਮਾਹਿਰ ਡਾ. ਪੁਨੀਤ ਸੈਣੀ ਨੇ ਦੱਸਿਆ ਕਿ ਹਰ ਸਾਲ ਲਗਪਗ 30 ਲੱਖ ਲੋਕ ਦੇਸ਼ ਵਿਚ ਹਾਰਟ ਅਟੈਕ ਦਾ ਸ਼ਿਕਾਰ ਹੁੰਦੇ ਹਨ | ਖਾਣ-ਪੀਣ ਦੀਆਂ ਗਲਤ ਆਦਤਾਂ, ਤਣਾਅ ਅਤੇ ਘੱਟ ਕਸਰਤ ਇਸ ਸਮੱਸਿਆ ਦੇ ਮੁੱਖ ਕਾਰਨ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਛਾਤੀ ਵਿਚ ਦਰਦ ਨੂੰ ਕਦੇ ਵੀ ਅਣਗੌਲਿਆ ਨਾ ਕੀਤਾ ਜਾਵੇ ਅਤੇ ਤੁਰੰਤ ਨੇੜਲੇ ਸਿਹਤ ਕੇਂਦਰ 'ਤੋਂ ਜਾਂਚ ਕਰਵਾਈ ਜਾਵੇ |