ਨੰਗਲ, 22 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਗੁਰਦੁਆਰਾ ਸ੍ਰੀ ਘਾਟ ਸਾਹਿਬ ਪਾਤਿਸ਼ਾਹੀ ਦਸਵੀਂ ਨੰਗਲ ਦੀ ਪ੍ਰਬੰਧਕ ਕਮੇਟੀ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਗੁਰਦੀਪ ਸਿੰਘ ਬਾਵਾ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਜਾਣ ਵਾਲੇ ਮਹਾਨ ਕਵੀ ਦਰਬਾਰ ਤੇ ਉਲੀਕੇ ਗਏ ਸਮੁੱਚੇ ਪ੍ਰੋਗਰਾਮ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਪਰੰਤ ਪ੍ਰਧਾਨ ਨੇ ਦੱਸਿਆ ਕਿ 23 ਨਵੰਬਰ ਨੂੰ ਸਵੇਰੇ 7 ਵਜੇ ਅਖੰਡ ਪਾਠ ਆਰੰਭ ਹੋਣਗੇ ਜਦਕਿ 24 ਨਵੰਬਰ ਨੂੰ ਅੰਮਿ੍ਤ ਵੇਲੇ 4 ਵਜੇ ਨਗਰ ਕੀਰਤਨ ਗੁਰਦਵਾਰਾ ਸਿੰਘ ਸਭਾ ਮੇਨ ਮਾਰਕੀਟ ਤੋਂ ਆਰੰਭ ਹੋਵੇਗਾ ਅਤੇ ਸ਼ਹਿਰ 'ਚੋਂ ਹੁੰਦਾ ਹੋਇਆ ਤਕਰੀਬਨ ਸਵੇਰ 6 ਵਜੇ ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਮੁਹੱਲਾ ਪੁਰਾਣਾ ਗੁਰਦੁਆਰਾ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ | 25 ਨਵੰਬਰ ਨੂੰ ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਵਿਖੇ ਸਵੇਰੇ 7.30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ 9 ਤੋਂ 11 ਵਜੇ ਤੱਕ ਲੋਕਲ ਰਾਗੀ ਜਥੇ ਗੁਰਬਾਣੀ ਕੀਰਤਨ ਕਰਨਗੇ ਜਦਕਿ 11 ਵਜੇ ਤੋਂ 2 ਵਜੇ ਦੁਪਹਿਰ ਤੱਕ ਮਹਾਨ ਕਵੀ ਦਰਬਾਰ ਸਜੇਗਾ, ਜਿਸ 'ਚ ਕੌਮ ਦੇ ਉੱਘੇ ਕਵੀ ਹਰੀ ਸਿੰਘ ਜਾਚਕ (ਲੁਧਿਆਣਾ), ਰਛਪਾਲ ਸਿੰਘ ਪਾਲ (ਜਲੰਧਰ), ਡਾ. ਸੁਖਵਿੰਦਰ ਕੌਰ (ਪਠਾਨਕੋਟ), ਐਡਵੋਕੇਟ ਸ਼ੁਕਰ ਗੁਜ਼ਾਰ ਸਿੰਘ (ਜੰਡਿਆਲਾ ਗੁਰੂ), ਰਾਸ਼ਟਰੀ ਕਵੀ ਸ੍ਰੀ ਸ਼ੁਭਮ ਮੰਗਲਾ (ਨੋਇਡਾ) ਆਪਣੀਆਂ ਰਚਨਾਵਾਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਾ ਕੇ ਨਿਹਾਲ ਕਰਨਗੇ | ਮੀਟਿੰਗ 'ਚ ਬਲਬੀਰ ਸਿੰਘ ਸੈਣੀ ਕੈਸ਼ੀਅਰ, ਜਰਨੈਲ ਸਿੰਘ ਸੰਧੂ ਮਾਨਸਾ ਵਾਲੇ ਸਰਦਾਰ ਜੀ, ਇੰਜਨੀਅਰ ਸੁਰਿੰਦਰ ਸਿੰਘ, ਭਾਈ ਬਚਿੱਤਰ ਸਿੰਘ, ਬੀਰਇੰਦਰ ਸਿੰਘ ਸੂਰੀ, ਰਜਿੰਦਰ ਪਾਲ ਸਿੰਘ, ਬਬਨਦੀਪ ਸਿੰਘ ਕੋਹਲੀ, ਦਰਸ਼ਨ ਸਿੰਘ ਕੋਹਲੀ, ਤੇਜਾ ਸਿੰਘ, ਭਾਈ ਬਚਿੱਤਰ ਸਿੰਘ ਹਾਜ਼ਰ ਸਨ |