ਸੁਖਸਾਲ, 7 ਦਸੰਬਰ (ਧਰਮ ਪਾਲ)-ਸਰਕਾਰੀ ਹਾਈ ਸਕੂਲ ਭੰਗਲ ਦੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਕ ਰੋਜ਼ਾ ਵਿੱਦਿਅਕ ਟੂਰ ਲਗਾਇਆ | ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਰਮਾ ਸ਼ਰਮਾ ਨੇ ਦੱਸਿਆ ਕਿ ਇਹ ਟੂਰ ਦੀ ਅਗਵਾਈ ਟੂਰ ਇੰਚਾਰਜ ਜਗਜੀਤ ਸਿੰਘ ਗਣਿਤ ਅਧਿਆਪਕ ਤੇ ਰਾਜੀਵ ਕੁਮਾਰ ਭਲਾਣ ਸਟੇਟ ਅਵਾਰਡੀ ਖੇਡ ਅਧਿਆਪਕ ਨੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅੰਤਰ ਜ਼ਿਲ੍ਹਾ ਵਿੱਦਿਅਕ ਟੂਰ ਦੌਰਾਨ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ | ਇਸ ਮੌਕੇ ਵਿਦਿਆਰਥੀਆਂ ਨੇ ਸ਼ਹੀਦਾਂ ਦੀ ਪਾਵਨ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ-ਏ-ਸ਼ਹਾਦਤ ਮਿਊਜ਼ੀਅਮ, ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਗੁਰਦੁਆਰਾ ਸ੍ਰੀ ਠੰਢਾ ਬੁਰਜ ਅਤੇ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਦੇ ਦਰਸ਼ਨ ਕੀਤੇ | ਵਾਪਸੀ 'ਤੇ ਵਿਦਿਆਰਥੀ ਰੂਪਨਗਰ ਵਿਖੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਪਾਤਸ਼ਾਹੀ ਦਸਵੀਂ ਤੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਿਖੇ ਨਤਮਸਤਕ ਹੋਏ | ਇਸ ਟੂਰ ਨਾਲ ਵਿਦਿਆਰਥੀਆਂ ਨੂੰ ਜਿੱਥੇ ਸਿੱਖ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਹੋਈ ਉਥੇ ਵਿਦਿਆਰਥੀਆਂ ਦੇ ਆਮ ਗਿਆਨ ਵਿਚ ਵੀ ਵਾਧਾ ਹੋਇਆ | ਇਸ ਸੰਬੰਧੀ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਰਮਾ ਸ਼ਰਮਾ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਕਿ ਅਜਿਹੇ ਟੂਰ ਬੱਚਿਆਂ ਲਈ ਬਹੁਤ ਲਾਹੇਵੰਦ ਹਨ ਤੇ ਉਮੀਦ ਕਰਦੀ ਹਾਂ ਕਿ ਭਵਿੱਖ 'ਚ ਵੀ ਅਜਿਹੇ ਟੂਰ ਲੱਗਦੇ ਰਹਿਣਗੇ ਇਸ ਮੌਕੇ ਸਮੂਹ ਸਟਾਫ਼ ਸਰਕਾਰੀ ਹਾਈ ਸਕੂਲ ਭੰਗਲ ਹਾਜ਼ਰ ਸੀ |