ਭਰਤਗੜ੍ਹ, 23 ਦਸੰਬਰ (ਜਸਬੀਰ ਸਿੰਘ ਬਾਵਾ)-ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਬਹਾਦਰਗੜ੍ਹ ਪਟਿਆਲਾ, ਸ਼੍ਰੋ. ਗੁ. ਪ੍ਰੰ. ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਵਿੱ. ਸਕੱਤਰ ਸੁਖਮਿੰਦਰ ਸਿੰਘ, ਸਹਾ. ਡਾਇਰੈਕਟਰ ਬੀਬੀ ਸਤਵੰਤ ਕੌਰ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਦੇ ਨਿਰਦੇਸ਼ਾਂ 'ਤੇ ਪਿ੍ੰ. ਸਰਬਜੀਤ ਸਿੰਘ ਦੀ ਅਗਵਾਈ 'ਚ ਸਰਸਾ ਨੰਗਲ ਸਥਿੱਤ ਪਰਿਵਾਰ ਵਿਛੋੜਾ ਪਬਲਿਕ ਸਕੂਲ 'ਚ ਅੱਜ ਮਾਤਾ ਗੁਜਰ ਕੌਰ ਜੀ, ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 'ਗੁਰਮਤਿ ਚੇਤਨਾ ਮਾਰਚ' ਕੱਢਿਆ | ਸ਼ੁਰੂਆਤ ਮੌਕੇ ਜਪੁਜੀ ਸਾਹਿਬ, ਚੌਪਈ ਸਾਹਿਬ, ਅਨੰਦ ਸਾਹਿਬ ਦੇ ਜਾਪ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਸਕੂਲ ਤੋਂ ਆਰੰਭ ਹੋਏ ਚੇਤਨਾ ਮਾਰਚ ਦਾ ਪਿੰਡ ਮਾਜਰੀ ਗੁੱਜਰਾਂ 'ਚ ਨਿੱਘਾ ਸਵਾਗਤ ਕੀਤਾ | ਸਾਇੰਸ ਅਧਿਆਪਕਾ ਨਰਿੰਦਰ ਕੌਰ ਦੇ ਪਰਿਵਾਰ ਨੇ ਚੇਤਨਾ ਮਾਰਚ 'ਚ ਸ਼ਾਮਿਲ ਵਿਦਿਆਰਥੀਆਂ, ਅਧਿਆਪਕਾਂ ਲਈ ਚਾਹ ਪਕੌੜਿਆਂ ਨਾਲ ਸੇਵਾ ਕੀਤੀ | ਗੁਰਮਤਿ ਚੇਤਨਾ ਮਾਰਚ ਨੇ ਦੌਰਾਨ ਪਿੰਡ ਆਸਪੁਰ ਰਾਹੀਂ ਗੁ. ਸਿੰਘ ਸਭਾ ਕੋਟਬਾਲਾ 'ਚ ਅਗਲੇ ਪੜਾਅ ਕੀਤੇ | ਕੋਟਬਾਲਾ 'ਚ ਗੁਰਮਤਿ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਕਵਿਤਾ ਕਵੀਸ਼ਰੀ ਅਤੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਿਆ | ਇਸੇ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਲੋਂ ਪ੍ਰਚਾਰਕ ਜਸਵਿੰਦਰ ਸਿੰਘ ਦਾਦੂਵਾਲ ਅਤੇ ਬੀਬੀ ਸੰਦੀਪ ਕੌਰ ਦੇ ਜਥੇ ਨੇ ਸੰਗਤਾਂ ਨੂੰ ਕਵੀਸ਼ਰੀ ਵਾਰਾਂ ਰਾਹੀਂ ਗੁਰਇਤਿਹਾਸ ਨਾਲ ਜੋੜਿਆ | ਬੀਬੀ ਹਰਵਿੰਦਰ ਕੌਰ ਕੋਟਬਾਲਾ ਸਮੇਤ ਹੋਰਨਾਂ ਨੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਸਕੂਲੀ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ, ਢਾਡੀ ਜਥਿਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ |