11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਨਗਰ ਕੌਂਸਲ ਰੂਪਨਗਰ ਦੀ ਹੱਦਬੰਦੀ ਵਧਾਉਣ ਦਾ ਮਤਾ ਲੋਕ ਵਿਰੋਧੀ

Ad Position 21
No active advertisement
ਅਜੀਤ ਡੈਸਕ 24-12-2025
ਰੂਪਨਗਰ, 23 ਦਸੰਬਰ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਮੱਕੜ ਨੇ ਅੱਜ ਰੂਪਨਗਰ ਪ੍ਰੈੱਸ ਕਲੱਬ ਵਿਚ ਸੱਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਗਰ ਕੌਂਸਲ ਰੂਪਨਗਰ ਦੀ ਹੱਦਬੰਦੀ ਵਧਾਉਣ ਸਬੰਧੀ ਲਿਆਂਦੇ ਗਏ ਮਤੇ ਦਾ ਤਿੱਖਾ ਵਿਰੋਧ ਕੀਤਾ | ਉਨ੍ਹਾਂ ਦੋਸ਼ ਲਗਾਇਆ ਕਿ ਬੀਤੇ ਦਿਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਲੋਂ ਸਾਂਝੇ ਤੌਰ 'ਤੇ ਲਿਆਂਦਾ ਗਿਆ ਇਹ ਮਤਾ ਲੋਕ ਹਿਤੈਸ਼ੀ ਨਹੀਂ, ਸਗੋਂ ਲੋਕ ਵਿਰੋਧੀ ਹੈ ਅਤੇ ਇਸ ਮਾਮਲੇ ਵਿਚ ਸ਼ਹਿਰ ਵਾਸੀਆਂ ਨੂੰ ਝੂਠ ਬੋਲ ਕੇ ਭਰਮਾਇਆ ਗਿਆ ਹੈ | ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਜਿਵੇਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਪਿੰਡ ਕੋਟਲਾ ਨਿਹੰਗ ਨੂੰ ਨਗਰ ਕੌਂਸਲ ਰੂਪਨਗਰ ਦੀ ਹੱਦ ਵਿਚ ਸ਼ਾਮਲ ਕਰਨ ਲਈ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਕੁੱਝ ਪ੍ਰਮੁੱਖ ਸਿਆਸੀ ਆਗੂਆਂ ਵਲੋਂ ਦਬਾਅ ਪਾਇਆ ਗਿਆ ਸੀ, ਉਸੇ ਤਰ੍ਹਾਂ ਅੱਜ ਵੀ ਹੱਦਬੰਦੀ ਵਧਾਉਣ ਦੇ ਮਤੇ ਪਿੱਛੇ ਮਿਲੀਭੁਗਤ ਦੀ ਬੂਅ ਆ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ 19 ਦਸੰਬਰ ਨੂੰ ਹੋਈ ਨਗਰ ਕੌਂਸਲ ਦੀ ਮੀਟਿੰਗ ਦੌਰਾਨ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਕੁੱਝ ਕੌਂਸਲਰਾਂ ਵਲੋਂ ਸ਼ਹਿਰ ਅਤੇ ਬਾਹਰੀ ਇਲਾਕਿਆਂ ਦੇ ਲੋਕਾਂ ਵਿਚ ਰੱਜ ਕੇ ਝੂਠ ਬੋਲਿਆ ਗਿਆ | ਸਾਬਕਾ ਪ੍ਰਧਾਨ ਨੇ ਸਬੂਤ ਵਜੋਂ ਆਪਣੇ ਕਾਰਜਕਾਲ ਸਮੇਂ ਨਗਰ ਕੌਂਸਲ ਦੀ ਹੱਦ ਵਧਾਉਣ ਸਬੰਧੀ ਪਾਸ ਕੀਤੇ ਮਤਾ ਨੰਬਰ 186 ਦੀ ਕਾਪੀ ਅਤੇ ਸਾਲ 2018 ਦੇ ਨੋਟੀਫਿਕੇਸ਼ਨ ਦੀ ਕਾਪੀ ਪੱਤਰਕਾਰਾਂ ਸਾਹਮਣੇ ਪੇਸ਼ ਕੀਤੀ | ਉਨ੍ਹਾਂ ਕਿਹਾ ਕਿ 2012 ਵਿਚ ਤਤਕਾਲੀ ਪ੍ਰਧਾਨ ਸਵਰਗੀ ਸ: ਅਮਰਜੀਤ ਸਿੰਘ ਸਤਿਆਲ ਵਲੋਂ ਵੀ ਸ਼ਹਿਰ ਦੀ ਹੱਦ ਵਧਾਉਣ ਦਾ ਮਤਾ ਪਾਇਆ ਗਿਆ ਸੀ, ਪਰ ਉਸ ਦਾ ਨੋਟੀਫਿਕੇਸ਼ਨ ਨਹੀਂ ਹੋ ਸਕਿਆ, ਅੱਜ ਉਨ੍ਹਾਂ ਦਾ ਪੁੱਤਰ ਕੌਂਸਲ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਇਸ ਮਤੇ ਨੂੰ ਲੈ ਕੇ ਪੂਰੀ ਤਰ੍ਹਾਂ ਸਿਆਸੀ ਰੰਗ ਵਿਚ ਰੰਗਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ 2015 ਵਿਚ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੀ ਟੀਮ ਦੇ ਧਿਆਨ ਵਿਚ ਆਇਆ ਕਿ ਖੁਸ਼ਹਾਲ ਨਗਰ, ਨਿਊ ਆਦਰਸ਼ ਨਗਰ ਵਰਗੇ ਕਈ ਇਲਾਕੇ ਜਨਗਣਨਾ ਤੇ ਵੋਟਰ ਲਿਸਟਾਂ ਵਿਚ ਤਾਂ ਸ਼ਹਿਰ ਦਾ ਹਿੱਸਾ ਸਨ, ਪਰ 1977 ਦੇ ਲਿਮਿਟ ਨੋਟੀਫਿਕੇਸ਼ਨ ਵਿਚ ਗਲਤੀ ਕਾਰਨ ਸ਼ਹਿਰ ਤੋਂ ਬਾਹਰ ਰਹਿ ਗਏ | ਇਨ੍ਹਾਂ ਵਸਨੀਕਾਂ ਨੂੰ ਸਰਟੀਫਿਕੇਟ ਵੈਰੀਫਿਕੇਸ਼ਨ ਤੇ ਵਿਕਾਸ ਕੰਮਾਂ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸੇ ਕਰਕੇ ਸਿਰਫ਼ ਉਹੀ ਖੇਤਰ ਨਗਰ ਕੌਂਸਲ ਵਿਚ ਸ਼ਾਮਲ ਕਰਨ ਲਈ ਮਤਾ ਪਾਇਆ ਗਿਆ ਸੀ, ਜੋ ਪਹਿਲਾਂ ਤੋਂ ਸ਼ਹਿਰੀ ਸਹੂਲਤਾਂ ਨਾਲ ਜੁੜੇ ਹੋਏ ਸਨ | ਪਰਮਜੀਤ ਸਿੰਘ ਮੱਕੜ ਨੇ ਸਵਾਲ ਉਠਾਇਆ ਕਿ ਜਦੋਂ ਉਸ ਸਮੇਂ ਮੌਜੂਦਾ ਨਗਰ ਕੌਂਸਲ ਪ੍ਰਧਾਨ ਅਸ਼ੋਕ ਕੁਮਾਰ ਵਾਹੀ ਨੇ ਲਿਖਤੀ ਤੌਰ 'ਤੇ ਇਸ ਮਤੇ ਨੂੰ ਲੋਕ ਵਿਰੋਧੀ ਕਹਿ ਕੇ ਵਿਰੋਧ ਦਰਜ ਕਰਵਾਇਆ ਸੀ, ਤਾਂ ਅੱਜ ਉਹੀ ਮਤਾ ਲੋਕ ਹਿਤੈਸ਼ੀ ਕਿਵੇਂ ਬਣ ਗਿਆ | ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਨਗਰ ਕੌਂਸਲ ਵਿਕਾਸ ਕਰਨ ਵਿਚ ਅਸਫਲ ਰਹੀ ਹੈ ਅਤੇ ਹੁਣ ਜਾਣ ਤੋਂ ਪਹਿਲਾਂ ਸ਼ਹਿਰ ਨੂੰ ਹੋਰ ਮੁਸ਼ਕਲਾਂ ਵਿਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ 16 ਪਿੰਡ ਨਗਰ ਕੌਂਸਲ ਵਿਚ ਮਰਜ ਕਰ ਦਿੱਤੇ ਗਏ ਤਾਂ ਨੁਕਸਾਨ ਸਿਰਫ਼ ਪਿੰਡਾਂ ਨੂੰ ਹੀ ਨਹੀਂ, ਸ਼ਹਿਰ ਵਾਸੀਆਂ ਨੂੰ ਵੀ ਝੱਲਣਾ ਪਵੇਗਾ, ਜਿੱਥੇ ਪਹਿਲਾਂ ਹੀ ਲੋਕ ਮੂਲਭੂਤ ਸਹੂਲਤਾਂ ਨੂੰ ਤਰਸ ਰਹੇ ਹਨ | ਇਸ ਮੌਕੇ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ, ਸਾਬਕਾ ਕੌਂਸਲਰ ਮਨਜਿੰਦਰ ਸਿੰਘ ਧਨੋਆ, ਅਕਾਲੀ ਆਗੂ ਜਸਬੀਰ ਸਿੰਘ ਗਿੱਲ, ਯੂਥ ਆਗੂ ਕਰਨਵੀਰ ਸਿੰਘ ਗਿਨੀ ਜੌਲੀ, ਸਾਬਕਾ ਕੌਂਸਲਰ ਮਾਸਟਰ ਅਮਰੀਕ ਸਿੰਘ, ਜ਼ਿਲ੍ਹਾ ਲੀਗਲ ਸੈੱਲ ਦੇ ਪ੍ਰਧਾਨ ਐਡਵੋਕੇਟ ਰਾਜੀਵ ਸ਼ਰਮਾ, ਸੁਖਵਿੰਦਰ ਸਿੰਘ ਪਟਵਾਰੀ ਤੇ ਹਰਵਿੰਦਰ ਸਿੰਘ ਖੈਰਾਬਾਦ ਸਮੇਤ ਕਈ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ 'ਚ ਸੇਵਾ ਸਮਾਗਮ 26, 27 ਨੂੰ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਮੋਰਚਾ ਵਲੋਂ ਸ਼ਹੀਦੀ ਸਮਾਗਮ ਦੌਰਾਨ 3 ਦਿਨਾਂ ਜਾਗਰੂਕਤਾ ਪ੍ਰੋਗਰਾਮ
Ad Position 24