ਗੱਗੋਮਾਹਲ/ਅਜਨਾਲਾ/ਰਮਦਾਸ 23 ਸਤੰਬਰ (ਸੰਧੂ, ਢਿੱਲੋਂ, ਵਾਹਲਾ)-ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਵਾਂ ਸ਼ਹਿਰ ਦੇ ਅਹੁਦੇਦਾਰ ਪਿ੍ੰਸੀਪਲ ਪਰਵਿੰਦਰ ਸਿੰਘ ਜੱਸੋਮਾਜਰਾ, ਬੀਰਬੱਲ ਤੱਖੀ, ਦੇਸਰਾਜ ਬਾਲੀ, ਸਤਨਾਮ ਸਿੰਘ ਚੱਕਗੁਰੂ ਤੇ ਮਾ: ਨਰਿੰਦਰ ਸਿੰਘ ਭਾਰਟਾ ਜ਼ਿਲ੍ਹਾ ਅੰਮਿ੍ਤਸਰ ਦੇ ਹੜ੍ਹ ਪ੍ਰਭਾਵਿਤ ਖੇਤਰ ਅਜਨਾਲਾ ਤੇ ਰਮਦਾਸ ਵਿਖੇ ਸਥਿਤੀ ਦਾ ਜਾਇਜ਼ਾ ਲੈਣ ਪੁੱਜੇ | ਪਿੰਡ ਰਿਆੜ ਤੋਂ ਗੁਰਪ੍ਰੀਤ ਸਿੰਘ ਰਿਆੜ ਫਾਊਾਡਰ ਪ੍ਰਧਾਨ ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਸਹਿਯੋਗ ਸਦਕਾ ਪਿੰਡ ਮਲਕਪੁਰ, ਅਵਾਣ, ਰਮਦਾਸ, ਬਾਉਲੀ ਆਦਿ ਦਾ ਦੌਰਾ ਕੀਤਾ | ਉਨ੍ਹਾਂ ਸਕੂਲਾਂ 'ਚ ਪੜ੍ਹਦੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸ਼ਨਾਖਤ ਕੀਤੀ ਜਿਨ੍ਹਾਂ ਦੇ ਘਰਾਂ ਦਾ ਵੱਡਾ ਨੁਕਸਾਨ ਹੋਇਆ, ਸੁਸਾਇਟੀ ਵਲੋਂ ਉਨ੍ਹਾਂ ਬੱਚਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ | ਪਿੰਡ ਅਵਾਣ ਦੇ ਪਰਿਵਾਰ ਦੇ ਸਹਿਯੋਗ ਨਾਲ ਪਿੰਡ ਬਾਉਲੀ ਦੇ ਉਸ ਪਰਿਵਾਰ ਤੱਕ ਪਹੁੰਚ ਕੀਤੀ ਜਿਨ੍ਹਾਂ ਨੇ ਅਕਤੂਬਰ ਵਿਚ ਲੜਕੀ ਦਾ ਵਿਆਹ ਧਰਿਆ ਸੀ | ਉਸ ਲੜਕੀ ਨੂੰ ਸ਼ਗਨ ਵਜੋਂ ਕੁਝ ਰਾਸ਼ੀ ਦਿੱਤੀ ਤੇ ਹੋਰ ਸਹਿਯੋਗ ਦੇਣ ਦਾ ਵਾਅਦਾ ਕੀਤਾ | ਉਪਰੰਤ ਪੂਰੀ ਟੀਮ ਨੇ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ 'ਤੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ |