ਜੇਠੂਵਾਲ, 23 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਕਾਂਗਰਸ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਦੇ ਸਾਬਕਾ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਵਲੋਂ ਮੁੜ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨ ਲਈ ਕਾਂਗਰਸ ਹਾਈ ਕਮਾਂਡ ਨੂੰ ਆਪਣਾ ਦਾਅਵਾ ਪੇਸ਼ ਕੀਤਾ ਹੈ, ਜਿਸ ਲਈ ਹਲਕਾ ਮਜੀਠਾ ਦੇ ਸੀਨੀਅਰ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਭਾਰੀ ਸਮਰਥਨ ਦਿੱਤਾ ਗਿਆ | ਕਿਉਂਕਿ ਭਗਵੰਤ ਪਾਲ ਸੱਚਰ ਦੇ ਕਾਂਗਰਸੀ ਪ੍ਰਧਾਨ ਬਣਨ ਨਾਲ ਜ਼ਿਲ੍ਹੇ 'ਚ ਕਾਂਗਰਸ ਹੋਰ ਮਜਬੂਤ ਹੋਵੇਗੀ ਅਤੇ 2027 'ਚ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸੀ ਵਰਕਰਾਂ ਦੇ ਹੌਸਲੇ ਹੋਰ ਬੁਲੰਦ ਹੋਣਗੇ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਮਜੀਠਾ ਸ਼ਹਿਰੀ ਦੇ ਪ੍ਰਧਾਨ ਤੇ ਕੌਂਸਲਰ ਨਵਦੀਪ ਸਿੰਘ ਸੋਨਾ ਮਜੀਠਾ ਨੇ ਗੱਲਬਾਤ ਕਰਦਿਆਂ ਕੀਤਾ | ਸੋਨਾ ਮਜੀਠਾ ਨੇ ਕਿਹਾ ਕਿ ਭਗਵੰਤ ਪਾਲ ਸਿੰਘ ਸੱਚਰ ਵਲੋਂ ਕਾਂਗਰਸ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੇ ਪਾਰਟੀ ਲਈ ਕੀਤੀ ਜਾ ਰਹੀ ਮਿਹਨਤ ਸਦਕਾ ਹਲਕਾ ਮਜੀਠਾ ਦੇ ਪਿੰਡਾਂ 'ਚ ਕਾਂਗਰਸ ਮਜਬੂਤ ਹੋਈ ਹੈ | ਜਿਸ ਨੂੰ ਵੇਖਦਿਆਂ ਹੋਇਆਂ ਕਾਂਗਰਸ ਹਾਈ ਕਮਾਂਡ ਭਗਵੰਤ ਪਾਲ ਸੱਚਰ ਨੂੰ ਕਾਂਗਰਸ ਪਾਰਟੀ ਅੰਮਿ੍ਤਸਰ ਦਿਹਾਤੀ ਦਾ ਪ੍ਰਧਾਨ ਬਣਾ ਕੇ ਪਾਰਟੀ ਤੇ ਆਗੂਆਂ ਵਰਕਰਾਂ ਦਾ ਹੋਰ ਮਾਣ ਵਧਾਇਆ ਜਾਵੇ | ਇਸ ਮੌਕੇ ਨਵਤੇਜ ਸਿੰਘ, ਸੰਤੋਖ ਸਿੰਘ ਭੋਆ ਹੱਟੀਵਾਲਾ, ਨਵਜੋਤ ਸਿੰਘ ਮਜੀਠਾ, ਰੇਸ਼ਮ ਸਿੰਘ ਗਿੱਲ ਲੁੱਧੜ, ਸੁਲੱਖਣ ਸਿੰਘ ਕੱਥੂਨੰਗਲ, ਡਾ. ਕੁਲਵਿੰਦਰ ਸਿੰਘ ਭੋਆ ਆਦਿ ਕਾਂਗਰਸੀ ਵਰਕਰ ਸ਼ਾਮਿਲ ਸਨ |