ਚੋਗਾਵਾਂ, 23 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਰੰਗਰੇਟੇ ਗੁਰੂ ਕੇ ਬੇਟੇ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਜੋੜ ਮੇਲਾ ਕਸਬਾ ਲੋਪੋਕੇ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਸਮੂਹ ਪਿੰਡ ਵਾਸੀ ਅਤੇ ਕਮੇਟੀ ਮੈਂਬਰਾਂ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਸੱਜੇ ਖੁੱਲ੍ਹੇ ਦੀਵਾਨ 'ਚ ਭਾਈ ਸਤਨਾਮ ਸਿੰਘ ਲਾਲੂ ਘੁੰਮਣ ਦਾ ਢਾਡੀ ਜਥਾ, ਭਾਈ ਸਾਹਿਬ ਸਿੰਘ ਹਜ਼ੂਰੀ ਰਾਗੀ, ਕਥਾ ਵਾਚਕ ਭਾਈ ਗੁਰਜੰਟ ਸਿੰਘ ਖਿਆਲੇ ਵਾਲਿਆਂ ਨੇ ਜੁੜ ਬੈਠੀ ਸੰਗਤ ਨੂੰ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਆਏ ਹੋਏ ਜਥੇ ਤੇ ਹੋਰਨਾਂ ਨੂੰ ਬਾਬਾ ਜੀਵਨ ਸਿੰਘ ਨੌਜਵਾਨ ਸੇਵਕ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਕਮੇਟੀ ਮੈਂਬਰਾਂ ਸਮੇਤ ਸਮੂਹ ਪਿੰਡ ਵਾਸੀਆਂ ਹਾਜ਼ਰ ਸਨ |