ਰਾਮ ਤੀਰਥ, 24 ਦਸੰਬਰ (ਧਰਵਿੰਦਰ ਸਿੰਘ ਔਲਖ)-ਪੰਜਾਬ ਹਰਿਆਣਾ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਮਰਦੀਪ ਸਿੰਘ ਬੈਂਸ ਦੀ ਅਗਵਾਈ ਅਤੇ ਲੀਗਲ ਐਕਸ਼ਨ ਏਡ ਦੇ ਕੌਮੀ ਪ੍ਰਧਾਨ ਸ਼ਰਤ ਵਸ਼ਿਸ਼ਟ ਦੀ ਦੇਖ-ਰੇਖ ਵਿਚ ਯੂਥ ਅਗੇਨਸਟ ਡਰੱਗ ਮੁਹਿੰਮ ਦੇ ਤਹਿਤ ਨੁੱਕੜ ਨਾਟਕਾਂ ਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ | ਇਸੇ ਸਿਲਸਿਲੇ ਤਹਿਤ ਰਾਮ ਤੀਰਥ ਰੋਡ ਵਿਖੇ ਪਿੰਡ ਵਡਾਲਾ ਭਿੱਟੇਵੱਡ ਸਥਿਤ ਔਲਖ ਟਾਇਲ ਫੈਕਟਰੀ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ | ਜਿਸ ਦੌਰਾਨ ਫੈਕਟਰੀ ਵਿਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਨਸ਼ਿਆਂ ਦੇ ਦੁਰ- ਪ੍ਰਭਾਵ ਤੇ ਬੁਰੇ ਨਤੀਜਿਆਂ ਸੰਬੰਧੀ ਜਾਣਕਾਰੀ ਦਿੱਤੀ ਗਈ | ਲੀਗਲ ਐਕਸ਼ਨ ਏਡ ਦੇ ਕੌਮੀ ਪ੍ਰਧਾਨ ਸ਼ਰਤ ਵਸ਼ਿਸ਼ਟ ਨੇ ਉਨ੍ਹਾਂ ਨੂੰ ਦੱਸਿਆ ਕਿ ਸਿਹਤਮੰਦ ਤੇ ਤੰਦਰੁਸਤ ਸਰੀਰ ਹੀ ਖੁਸ਼ਹਾਲ ਜ਼ਿੰਦਗੀ ਦਾ ਆਧਾਰ ਹੈ | ਇਸ ਦੇ ਨਾਲ ਕਦੀ ਵੀ ਕਿਸੇ ਵੀ ਕਿਸਮ ਦਾ ਖਿਲਵਾੜ ਨਹੀਂ ਕਰਨਾ ਚਾਹੀਦਾ ਨਹੀ | ਇਸ ਮੌਕੇ ਫੈਕਟਰੀ ਦੇ ਮਾਲਕਾਂ ਕੁਲਵਿੰਦਰ ਸਿੰਘ ਔਲਖ ਤੇ ਸੁਖਬੀਰ ਸਿੰਘ ਔਲਖ ਨੇ ਕੌਮੀ ਪ੍ਰਧਾਨ ਸ਼ਰਤ ਵਸ਼ਿਸ਼ਟ ਅਤੇ ਉਨ੍ਹਾਂ ਦੀ ਟੀਮ 'ਚ ਸ਼ਾਮਿਲ ਪ੍ਰਦੀਪ ਮਹਿਰਾ, ਸਮਾਜ ਸੇਵਕ ਜੀ.ਐੱਸ. ਸੰਧੂ ਆਦਿ ਨੂੰ ਰਸਮੀ ਤੌਰ 'ਤੇ ਜੀ ਆਇਆਂ ਨੂੰ ਆਖਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ |