ਗੱਗੋਮਾਹਲ, 24 ਦਸੰਬਰ (ਬਲਵਿੰਦਰ ਸਿੰਘ ਸੰਧੂ)-ਕਸਬਾ ਰਮਦਾਸ ਦੇ ਤਲਾਬ ਵਾਲਾ ਚੌਂਕ ਤੋਂ ਕੁਝ ਦੂਰੀ 'ਤੇ ਅਜਨਾਲਾ ਸਪੇਅਰ ਪਾਰਟਸ ਦੀ ਦੁਕਾਨ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ | ਦੁਕਾਨ ਦੇ ਮਾਲਕ ਬਲਵਿੰਦਰ ਕੁਮਾਰ ਪੁੱਤਰ ਕਿ੍ਸ਼ਨ ਕੁਮਾਰ ਵਾਸੀ ਰਮਦਾਸ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ, ਜਦੋਂ ਸਵੇਰੇ ਦੁਕਾਨ 'ਤੇ ਆਇਆ ਤਾਂ ਵੇਖਿਆ ਕਿ ਦੁਕਾਨ ਦਾ ਇੱਕ ਪਾਸੇ ਤੋਂ ਸ਼ਟਰ ਟੁੱਟਿਆ ਹੋਇਆ ਸੀ ਤੇ ਦੂਜੇ ਪਾਸੇ ਤੋਂ ਵੀ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ | ਸ਼ਟਰ ਤੋਂ ਅੱਗੇ ਬਣੇ ਕੈਬਨ ਦਾ ਦਰਵਾਜ਼ਾ ਨਾ ਖੁੱਲਣ ਕਰਕੇ ਚੋਰਾਂ ਨੂੰ ਬੇਰੰਗ ਵਾਪਿਸ ਜਾਣਾ ਪਿਆ | ਉਨ੍ਹਾਂ ਦੱਸਿਆ ਕਿ ਇਥੇ ਹੀ ਬੱਸ ਨਹੀਂ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਨੇ ਦੁਕਾਨ ਬਾਹਰ ਲੱਗੀਆਂ ਲਾਇਟਾਂ ਤੋੜ ਦਿੱਤੀਆਂ ਤੇ ਕੈਮਰੇ ਦਾ ਮੂੰਹ ਉਪਰ ਵੱਲ ਕਰ ਦਿੱਤਾ ਤਾਂ ਜੋ ਉਨ੍ਹਾਂ ਦੀ ਪਹਿਚਾਣ ਨਾ ਹੋ ਸਕੇ | ਰਾਤ ਸਮੇਂ ਕਿਸੇ ਹਿੱਲ-ਜੁਲ ਹੋਣ ਕਾਰਨ ਚੋਰ ਮੌਕੇ ਤੋਂ ਭੱਜ ਗਏ | ਇਸ ਦੀ ਇਤਲਾਹ ਉਸ ਨੇ ਆਪਣੇ ਪਰਿਵਾਰ ਨੂੰ ਦਿੱਤੀ ਤਾਂ ਦੁਕਾਨ ਦਾ ਸ਼ਟਰ ਖੋਲ੍ਹ ਕੇ ਵੇਖਣ 'ਤੇ ਪਤਾ ਲੱਗਾ ਕਿ ਕੋਈ ਸਾਮਾਨ ਚੋਰ ਨਹੀਂ ਲਿਜਾ ਸਕੇ | ਉਨ੍ਹਾਂ ਪੰਜਾਬ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਰਾਤ ਸਮੇਂ ਅਜਿਹੇ ਅਪਰਾਧਿਕ ਲੋਕਾਂ ਤੋਂ ਆਮ ਸ਼ਹਿਰੀਆਂ ਦੀ ਜਾਨ ਮਾਲ ਦੀ ਰਾਖੀ ਲਈ ਰਾਤ ਸਮੇਂ ਗਸ਼ਤ ਕੀਤੀ ਜਾਵੇ | ਇਸ ਮੌਕੇ ਉਨ੍ਹਾਂ ਨਾਲ ਸਾਹਿਲ ਸ਼ਰਮਾ ਤੇ ਵਿਜੇ ਪਾਲ ਵੀ ਹਾਜ਼ਰ ਸਨ |