ਰਾਜਪੁਰਾ, 1 ਜੂਨ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਇਕ ਦੁਕਾਨ 'ਚ ਵੜ ਕੇ ਗਾਲੀ ਗਲੋਚ ਕਰਨ ਤੋਂ ਰੋਕਣ 'ਤੇ ਦੋ ਭਰਾਵਾਂ ਦੀ ਕੁੱਟਮਾਰ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ 8 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਵਾਸੀ ਸ਼ਿਵਾ ਕਾਲੋਨੀ ਭੱਠਾ ਲਕਸ਼ਮਣ ਦਾਸ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਜਦੋਂ ਉਹ ਆਪਣੀ ਦੁਕਾਨ 'ਚ ਬੈਠਾ ਸੀ ਤਾਂ ਕੱਕੂ ਵਾਸੀ ਪੁਰਾਣਾ ਰਾਧਾ ਸੁਆਮੀ ਡੇਰਾ ਰਾਜਪੁਰਾ, ਆਰੀਅਨ ਵਾਸੀ ਵਰਕ ਸੈਂਟਰ ਕਾਲੋਨੀ ਰਾਜਪੁਰਾ, ਅਗਮ ਵਾਸੀ ਨੇੜੇ ਪੁਰਾਣਾ ਬੱਸ ਅੱਡਾ ਰਾਜਪੁਰਾ, ਪੁਸ਼ਪਾ, ਗੁਡੋ, ਗੋਲਡੀ ਅਤੇ ਹੋਰ ਅਣਪਛਾਤੇ ਮਰਦ ਅਤੇ ਔਰਤ ਉਸ ਦੀ ਦੁਕਾਨ 'ਚ ਆਏ ਅਤੇ ਗਾਲੀ ਗਲੋਚ ਕਰਨ ਲੱਗ ਪਏ | ਜਿਸ 'ਤੇ ਗੁਰਮੀਤ ਸਿੰਘ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਕਤ ਜਣਿਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਜਿਸ 'ਤੇ ਪਤਾ ਲੱਗਣ 'ਤੇ ਉਸ ਦਾ ਭਰਾ ਹਰਮੀਤ ਸਿੰਘ ਛਡਾਉਣ ਲਈ ਆਇਆ ਤਾਂ ਉਕਤ ਨੇ ਉਸ ਦੀ ਵੀ ਕੁੱਟਮਾਰ ਕੀਤੀ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ | ਜਿਸ 'ਤੇ ਥਾਣਾ ਸ਼ਹਿਰੀ ਦੀ ਪੁਲਿਸ ਨੇ ਉਕਤ ਮਾਮਲੇ 'ਚ ਉਕਤ 8 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |