ਬਸੀ ਪਠਾਣਾਂ, 1 ਜੂਨ (ਮੌਦਗਿਲ)-ਬਸੀ ਪਠਾਣਾਂ ਬਲਾਕ ਅਧੀਨ ਪੈਂਦੇ ਪਿੰਡ ਭਟੇੜੀ 'ਚ ਸਰਪੰਚ ਪਰਪਾਲ ਸਿੰਘ ਦੀ ਅਗਵਾਈ ਹੇਠ ਪਿੱਪਲ ਦਾ ਬੂਟਾ ਲਗਾ ਕੇ ਵਣ ਮਹਾਂਉਤਸਵ ਦੀ ਸ਼ੁਰੂਆਤ ਕੀਤੀ ਗਈ | ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਵਲੋਂ ਵਾਤਾਵਰਣ ਸ਼ੁੱਧ ਰੱਖਣ ਦੇ ਉਦੇਸ਼ ਨਾਲ ਆਉਣ ਵਾਲੇ ਮਾਨਸੂਨ ਸੀਜ਼ਨ ਦੌਰਾਨ ਪਿੰਡ ਵਿਚ 500 ਫਲਦਾਰ, ਛਾਇਆਦਾਰ ਅਤੇ ਫੁੱਲਦਾਰ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ | ਇਸ ਨਾਲ ਬਦਲਦੇ ਪੌਣ ਪਾਣੀ ਤੇ ਮੌਸਮੀ ਚੱਕਰ ਨੂੰ ਵੀ ਠੱਲ੍ਹ ਪਾਈ ਜਾ ਸਕੇਗੀ | ਸਰਪੰਚ ਹਰਪਾਲ ਸਿੰਘ ਨੇ ਰੁੱਖਾਂ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਪਿੱਪਲ ਦਾ ਬੂਟਾ ਸਾਰਿਆਂ ਬੂਟਿਆਂ ਨਾਲੋਂ ਵੱਧ ਆਕਸੀਜਨ ਦਿੰਦਾ ਹੈ, ਜੋ ਕਿ ਇਨਸਾਨ ਦੇ ਜੀਵਨ ਲਈ ਅਤਿ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਰੁੱਖਾਂ ਵਿਚ ਕੀਤਾ ਗਿਆ ਨਿਵੇਸ਼ ਖ਼ਾਸਕਰ ਆਉਣ ਵਾਲੀਆਂ ਪੀੜ੍ਹੀਆਂ ਦੀ ਚੰਗੀ ਸਿਹਤ ਹੀ ਨਹੀਂ ਸਗੋਂ ਲੰਬੀ ਉਮਰ ਦਾ ਵੀ ਜ਼ਰੀਆ ਬਣੇਗਾ | ਉਨ੍ਹਾਂ ਦੱਸਿਆ ਕਿ ਅੱਜ ਹਸਪਤਾਲਾਂ ਵਿਚ ਲੋੜਵੰਦ ਮਰੀਜ਼ਾਂ ਲਈ ਵਰਤੀ ਜਾਂਦੀ ਆਕਸੀਜਨ 500 ਤੋਂ 700 ਰੁਪਏ ਪ੍ਰਤੀ ਘੰਟੇ ਤੱਕ ਪੈਂਦੀ ਹੈ, ਜਦੋਂ ਕਿ ਕੁਦਰਤ, ਰੁੱਖਾਂ ਦੇ ਰਾਹੀਂ ਸਾਨੂੰ ਇਹ ਆਕਸੀਜਨ ਬਿਲਕੁਲ ਮੁਫ਼ਤ ਅਤੇ ਨਿਰੰਤਰ ਦੇ ਰਹੀ ਹੈ, ਇਸ ਲਈ ਸਾਨੂੰ ਬੂਟਾ ਲਗਾ ਕੇ ਉਸ ਦੀ ਘੱਟੋ ਘੱਟ ਤਿੰਨ ਸਾਲ ਸੰਭਾਲ ਕਰਨੀ ਚਾਹੀਦੀ ਹੈ | ਇਸ ਮੌਕੇ ਮਾਸਟਰ ਨਿਰਮਲ ਸਿੰਘ, ਪਟਵਾਰੀ ਅਮਨਦੀਪ ਸਿੰਘ, ਬਲਵਿੰਦਰ ਪੰਚ, ਦਾਰਾ ਸਿੰਘ ਅਤੇ ਕਰਮ ਸਿੰਘ ਆਦਿ ਮੌਜੂਦ ਸਨ |