ਰਾਜਪੁਰਾ, 31 ਅਕਤੂਬਰ (ਜੀ.ਪੀ. ਸਿੰਘ)-ਉਦਯੋਗਿਕ ਪਲਾਟ ਵੇਚਣ ਦੇ ਸਬੰਧ ਵਿਚ ਸੈਂਕੜੇ ਵਿਅਕਤੀਆਂ ਨਾਲ ਕਰੋੜਾਂ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਇਕ ਨਾਮੀ ਬਿਲਡਰ ਲਵਲੀ ਐਂਪਾਇਰ ਮੋਹਾਲੀ ਦਾ ਮਾਲਕ ਗੁਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮਕਾਨ ਨੰਬਰ 819 ਫੇਸ 3ਬੀ-1 ਐੱਸ.ਏ.ਐੱਸ. ਨਗਰ ਮੋਹਾਲੀ ਨੂੰ ਦਿੱਲੀ ਏਅਰਪੋਰਟ ਤੋਂ ਗਿ੍ਫ਼ਤਾਰ ਕਰਕੇ ਸ਼ਹਿਰੀ ਥਾਣੇ ਦੀ ਪੁਲਿਸ ਨੇ ਰਾਜਪੁਰਾ ਲਿਆਂਦਾ ਹੈ | ਜਦੋਂ ਕਿ ਇਸ ਦਾ ਮੁੱਖ ਮੁਲਜ਼ਮ ਰਾਹੁਲ ਤ੍ਰੇਹਣ ਪੁੱਤਰ ਰਜਿੰਦਰ ਕੁਮਾਰ ਵਾਸੀ ਮਕਾਨ ਨੰਬਰ 92 ਏ ਗੋਬਿੰਦ ਨਗਰ ਅੰਬਾਲਾ ਛਾਉਣੀ ਹਰਿਆਣਾ ਅਜੇ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹੈ | ਇਸ ਦੌਰਾਨ ਮੁਲਜ਼ਮਾਂ ਵਲੋਂ ਸੈਂਕੜੇ ਲੋਕਾਂ ਨਾਲ ਸੈਂਕੜੇ ਕਰੋੜਾਂ ਦੀ ਠੱਗੀ ਕਰਨ ਦੀ ਵੀ ਚਰਚਾ ਜ਼ੋਰਾਂ 'ਤੇ ਹੈ | ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦਾ ਅਗਸਤ 'ਚ ਦਰਜ ਕੀਤਾ ਗਿਆ ਸੀ ਤੇ ਪੁਲਿਸ ਨੇ ਉਹਨਾਂ ਦਾ ਲੁੱਕ ਆਊਟ ਅਲਰਟ ਵੀ ਜਾਰੀ ਕੀਤਾ ਹੋਇਆ ਸੀ | ਜਾਣਕਾਰ ਅਨੁਸਾਰ ਕਮਲ ਕਿਸ਼ੋਰ ਵਾਸੀ ਬਨਵਾੜੀ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਅਪ੍ਰੈਲ 2022 'ਚ ਉਸ ਦੇ ਦੋਸਤ ਨੇ ਉਸ ਦੇ ਨਾਲ ਲਵਲੀ ਗਰੁੱਪ ਦੁਆਰਾ ਪਿੰਡ ਤੰਗੋਰੀ ਪਿੰਡ ਨਿਗਾਰੀ ਦੇ ਸਾਹਮਣੇ ਬਨੂੜ ਲਾਂਡਰਾਂ ਮੋਹਾਲੀ ਰੋਡ ਸ਼ੁਰੂ ਕੀਤੇ ਪ੍ਰੋਜੈਕਟ ਦੇ ਸਬੰਧ 'ਚ ਚਰਚਾ ਕੀਤੀ | ਇਸ ਤੋਂ ਬਾਅਦ ਉਸ ਨੇ ਉਹ ਜਗ੍ਹਾਂ ਦੇਖੀ ਅਤੇ ਗੁਰਪ੍ਰੀਤ ਸਿੰਘ ਅਤੇ ਰਾਹੁਲ ਤ੍ਰੇਹਣ ਨੂੰ ਵੀ ਮਿਲਿਆ | ਉਨ੍ਹਾਂ ਭਰੋਸਾ ਦਿੱਤਾ ਕਿ ਇਹ ਇਹ ਪ੍ਰੋਜੈਕਟ ਸੁਚਾਰੂ ਢੰਗ ਨਾਲ ਚਲ ਰਿਹਾ ਹੈ ਤੇ ਲੋਕ ਇਸ ਵਿਚ ਨਿਵੇਸ਼ ਕਰ ਰਹੇ ਹਨ ਤੇ ਇਹ ਵੀ ਦੱਸਿਆ ਕਿ ਉਨ੍ਹਾਂ ਕੋਲ ਭੂਮੀ ਵਰਤੋਂ ਵਿਚ ਤਬਦੀਲੀ (ਸੀ.ਐੱਲ.ਯੂ) ਹੈ ਤੇ ਸੀ.ਐੱਲ.ਯੂ. ਦਾ ਇਕ ਪੱਤਰ ਵੀ ਦਿਖਾਇਆ | ਜਿਸ ਤੇ ਉਨ੍ਹਾਂ ਫ਼ੈਸਲਾ ਕੀਤਾ ਕਿ ਇਕ 500 ਗਜ ਦਾ ਪਲਾਟ ਇਕ ਕਰੋੜ 17 ਲੱਖ 'ਚ ਲੈ ਲਿਆ ਜਾਵੇ ਅਤੇ ਚੈੱਕ ਰਹੀ ਅਤੇ ਨਗਦ 25 ਫ਼ੀਸਦੀ ਜੋ 27 ਲੱਖ 25 ਹਜਾਰ ਬਣਦੀ ਸੀ ਉਕਤ ਦੋਵੇਂ ਵਿਅਕਤੀ ਉਸ ਦੇ ਘਰੋਂ ਆ ਕੇ ਲੈ ਗਏ | ਜਿਸ ਤੋਂ ਬਾਅਦ ਜਦੋਂ ਵੀ ਉਹ ਪਲਾਟ ਦੀ ਡਲਿਵਰੀ ਲਈ ਅਤੇ ਰਜਿਸਟਰੀ ਲਈ ਉਕਤ ਦੇ ਦਫ਼ਤਰ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਗੁਰਪ੍ਰੀਤ ਸਿੰਘ ਅਤੇ ਰਾਹੁਲ ਨਹੀਂ ਮਿਲੇ ਤੇ ਉਸ ਦੇ ਚੋਂਕੀਦਾਰ ਬੇਇੱਜ਼ਤ ਕਰਕੇ ਰਹੇ ਤੇ ਉਸ ਨੰੂ ਹਰ ਵਾਰ ਵਾਪਸ ਪਰਤਣਾ ਪਿਆ | ਇਸ ਤੋਂ ਬਾਅਦ ਅਗਸਤ 2025 'ਚ ਉਸ ਨੇ ਸ਼ਹਿਰੀ ਥਾਣਾ ਰਾਜਪੁਰਾ 'ਚ ਸ਼ਿਕਾਇਤ ਦਰਜ ਕਰਵਾਈ ਤੇ ਪੁਲਿਸ ਨੇ ਉਕਤ ਦੋਵੇਂ ਵਿਅਕਤੀਆਂ ਦਾ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ | ਜਿਸ ਤੇ ਬੁੱਧਵਾਰ ਨੂੰ ਗੁਰਪ੍ਰੀਤ ਸਿੰਘ ਜੋ ਬਾਹਰ ਭੱਜਣ ਲਈ ਜਿਉਂ ਹੀ ਏਅਰਪੋਰਟ ਪਹੁੰਚਿਆ ਤਾਂ ਉਸ ਨੰੂ ਗਿ੍ਫ਼ਤਾਰ ਕਰ ਲਿਆ ਗਿਆ ਪਰ ਰਾਹੁਲ ਤ੍ਰੇਹਣ ਅਜੇ ਵੀ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹੈ | ਥਾਣਾ ਸ਼ਹਿਰੀ ਦੇ ਐੱਸ.ਐੱਚ.ਓ. ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਦਾ ਅਦਾਲਤ ਨੇ ਦੋ ਦਿਨਾਂ ਦਾ ਰਿਮਾਂਡ ਦਿੱਤਾ ਹੈ ਜਿਸ ਵਿਚ ਹੋਰ ਵੀ ਖ਼ੁਲਾਸੇ ਹੋਣ ਦਾ ਸੰਭਾਵਨਾ ਹੈ |