ਪਟਿਆਲਾ, 31 ਅਕਤੂਬਰ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਰਾਘੋਮਾਜਰਾ ਦੇ ਰਹਿਣ ਵਾਲੇ ਸ਼ਹਿਰ ਦੇ ਸਾਬਕਾ ਕੌਂਸਲਰ ਇੰਦਰਮੀਤ ਸਿੰਘ ਬੱਬੀ ਮਾਨ ਦੀ ਗੋਲੀ ਲੱਗਣ ਕਾਰਨ ਭੇਦਭਰੇ ਹਾਲਾਤ 'ਚ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਕੌਂਸਲਰ ਬੱਬੀ ਮਾਨ ਨੇ ਘਰ ਦੇ ਬਾਹਰ ਇਕ ਵਰਕਸ਼ਾਪ 'ਚ ਆਪਣੇ ਸਿਰ 'ਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ | ਹਾਲੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਗੋਲੀ ਮਾਰਨ ਪਿੱਛੇ ਕੀ ਕਾਰਨ ਹਨ? ਮੌਕੇ 'ਤੇ ਪੁਲਿਸ ਨੂੰ ਉਨ੍ਹਾਂ ਦਾ ਲਾਇਸੈਂਸੀ ਰਿਵਾਲਵਰ ਵੀ ਬਰਾਮਦ ਹੋਇਆ ਹੈ | ਇਸ ਸੰਬੰਧੀ ਥਾਣਾ ਸਬਜ਼ੀ ਮੰਡੀ ਦੇ ਮੁਖੀ ਰੁਪਿੰਦਰਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਾਬਕਾ ਕੌਂਸਲਰ ਵਲੋਂ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਗਈ ਹੈ | ਜਿਸ ਤੋਂ ਬਾਅਦ ਉਨ੍ਹਾਂ ਨੇ ਮਿ੍ਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਲਈ ਭਿਜਵਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਹਾਲੇ ਇਹ ਪੜਤਾਲ ਕਰ ਰਹੀ ਹੈ ਕਿ ਸਾਬਕਾ ਕੌਂਸਲਰ ਨੇ ਗੋਲੀ ਆਪ ਮਾਰੀ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹਨ | ਪੁਲਿਸ ਸਾਰੇ ਤੱਥਾਂ ਦੀ ਪੜਤਾਲ ਕਰ ਰਹੀ ਹੈ |