ਪਟਿਆਲਾ, 31 ਅਕਤੂਬਰ (ਮਨਦੀਪ ਸਿੰਘ ਖਰੌੜ)-ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਪਿੰਡ ਹਰਦਾਸਪੁਰ ਲਾਗੇ ਟਰੱਕ ਅਤੇ ਬੱਸ ਦੀ ਸਿੱਧੀ ਟੱਕਰ ਹੋ ਜਾਣ ਕਾਰਨ ਭਿਆਨਕ ਹਾਦਸਿਆਂ ਵਾਪਰਿਆ ਹੈ | ਇਸ ਹਾਦਸੇ ਵਿਚ ਬੱਸ ਦੇ ਕੰਡਕਟਰ ਅਨਮੋਲ ਦੀ ਮੌਕੇ 'ਤੇ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ | ਜਦ ਕਿ ਬੱਸ ਤੇ ਟਰੱਕ ਦੇ ਡਰਾਈਵਰ ਸਮੇਤ 10 ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ | ਇਸ ਸੰਬੰਧੀ ਥਾਣਾ ਫੱਗਣਮਾਜਰਾ ਚੌਕੀ ਦੇ ਮੁਖੀ ਥਾਣੇਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਸਾਢੇ ਪੰਜ ਦੇ ਕਰੀਬ ਪਟਿਆਲਾ ਬੱਸ ਅੱਡੇ ਤੋਂ ਪਠਾਨਕੋਟ ਨੂੰ ਇਹ ਬੱਸ ਜਾ ਰਹੀ ਸੀ | ਜਦੋਂ ਉਹ ਸਰਹਿੰਦ ਰੋਡ ਉੱਤੇ ਪਿੰਡ ਹਰਦਾਸਪੁਰ ਲਾਗੇ ਪਹੁੰਚੇ ਤਾਂ ਇਕ ਸੀਮਿੰਟ ਦੇ ਭਰੇ ਟਰੱਕ ਨਾਲ ਬੱਸ ਦੀ ਸਿੱਧੀ ਟੱਕਰ ਹੋ ਗਈ | ਪਰ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਹਾਦਸਾ ਕਿਵੇਂ ਅਤੇ ਕਿਸ ਦੀ ਗ਼ਲਤੀ ਕਾਰਨ ਵਾਪਰਿਆ ਹੈ | ਦੁਰਘਟਨਾ ਦਾ ਪਤਾ ਚੱਲਦੇ ਹੀ ਉਹ ਥਾਣੇਦਾਰ ਜਸਵਿੰਦਰ ਸਿੰਘ ਸਮੇਤ ਅਤੇ ਸੜਕ ਸੁਰੱਖਿਆ ਫੋਰਸ ਦੀ ਸਹਾਇਤਾ ਨਾਲ ਉਨ੍ਹਾਂ ਜ਼ਖਮੀਆਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਜਿਸ ਵਿਚ ਟਰੱਕ ਤੇ ਬੱਸ ਦੇ ਡਰਾਈਵਰ ਸਮੇਤ 10 ਵਿਅਕਤੀ ਸ਼ਾਮਲ ਸਨ | ਜ਼ਖਮੀ ਹੋਏ ਵਿਅਕਤੀਆਂ ਵਿਚ ਇਕ ਦੋ ਦੀ ਹਾਲਤ ਗੰਭੀਰ ਹੋਣ ਸੰਬੰਧੀ ਡਾਕਟਰਾਂ ਨੇ ਦੱਸਿਆ ਹੈ ਅਤੇ ਬਾਕੀ ਸਵਾਰੀਆਂ ਦੇ ਮਾਮੂਲੀ ਸੱਟਾਂ ਹੀ ਲੱਗੀਆਂ ਹਨ | ਥਾਣੇਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਅਜੇ ਇਸ ਹਾਦਸੇ ਦੀ ਪੜਤਾਲ ਕਰ ਰਹੀ ਹੈ ਜਾਂਚ ਪੂਰੀ ਹੋਣ ਉਪਰੰਤ ਗ਼ਲਤੀ ਵਾਲੇ ਵਾਹਨ ਚਾਲਕ ਦੇ ਖਿਲਾਫ ਕੇਸ ਦਰਜ ਕੀਤਾ ਜਾਵੇਗਾ |